July 19, 2024 11:41 pm
cVIGIL

ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ‘ਚ ਸਹਾਈ ਸਿੱਧ ਹੋਵੇਗੀ ਸੀ-ਵਿਜੀਲ ਐਪ: ਜ਼ਿਲ੍ਹਾ ਚੋਣ ਅਫ਼ਸਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਾਰਚ, 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਮੰਗਲਵਾਰ ਨੂੰ ਕਿਹਾ ਕਿ ਸੀ ਵਿਜਿਲ ਐਪ (cVigil app) ਲੋਕ ਸਭਾ ਚੋਣਾਂ-2024 ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇੱਕ ਮਹੱਤਵਪੂਰਨ ਵਸੀਲਾ ਸਿੱਧ ਹੋਵੇਗੀ। ਅੱਜ ਇੱਥੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਵੱਲੋਂ 2019 ਦੀਆਂ ਆਮ ਚੋਣਾਂ ਵਿੱਚ ਸਫ਼ਲਤਾਪੂਰਵਕ ਪਹਿਲੀ ਵਾਰ ਵਰਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਐਪ (cVigil app) ਤਕਨੀਕੀ ਮੁਹਾਰਤ/ਜਾਣਕਾਰੀ ਰੱਖਣ ਵਾਲੇ ਨੌਜਵਾਨ/ਵਸਨੀਕਾਂ ਦੀ ਚੋਣ ਅਮਲ ’ਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ, ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸਰਲ ਬਣਾਉਣ ਅਤੇ ਇਸ ਦੇ ਕੰਮਕਾਜ ਨੂੰ ਬਦਲਦੇ ਸਮੇਂ ਦੇ ਨਾਲ ਤਾਲਮੇਲ ਬਿਠਾਉਣ ਦੇ ਵਰਤੋਂ ’ਚ ਲਿਆਂਦੇ ਹੋਰ ਨਵੇਂ ਤਰੀਕਿਆਂ ਵਿੱਚੋਂ ਇੱਕ ਹੈ। ਉਨ੍ਹਾਂ ਹੋਰ ਕਿਹਾ ਕਿ ਸੀ ਵਿਜਿਲ ਆਟੋ ਲੋਕੇਸ਼ਨ ਡੇਟਾ ਦੇ ਨਾਲ ਲਾਈਵ ਫੋਟੋ/ਵੀਡੀਓ ਰੱਖਣ ਵਾਲਾ ਹੋਣ ਕਾਰਨ, ਆਦਰਸ਼ ਚੋਣ ਜ਼ਾਬਤੇ/ਖਰਚ ਦੀ ਉਲੰਘਣਾ ਦੇ ਸਬੂਤ ਆਧਾਰਿਤ ਪ੍ਰਮਾਣ ਪ੍ਰਦਾਨ ਕਰਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਚੋਣ ਅਮਲ ਦੌਰਾਨ ਇਸ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦੀ ਫਲਾਇੰਗ ਸਕੁਐਡ ਵੱਲੋਂ ਅੱਗੇ ਜਾਂਚ ਕੀਤੀ ਜਾਵੇਗੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਜਾਂਚ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਕਾਇਤ ਦਰਜ ਹੁੰਦੇ ਹੀ ਇਸ ’ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ 100 ਮਿੰਟਾਂ ’ਚ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਸ਼ਨਾਖਤ ਨਹੀਂ ਦੱਸਣੀ ਚਾਹੁੰਦਾ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਭਾਰਤੀ ਚੋਣ ਕਮਿਸ਼ਨ ਦੀ ਇਹ ਇੱਕ ਇਤਿਹਾਸਕ ਪਹਿਲਕਦਮੀ ਹੈ ਜਿਸ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਨੂੰ ਆਪਣੀ ਚੋਣ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਹ ਐਪ ਵੋਟਰਾਂ ਲਈ ਵਰਦਾਨ ਸਾਬਤ ਹੋਵੇ।
ਸ੍ਰੀਮਤੀ ਜੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਐਪ ’ਤੇ ਪ੍ਰਾਪਤ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਉਣ ਲਈ ਲੋੜੀਂਦੀ ਪ੍ਰਣਾਲੀ ਹੁਣ ਤੋਂ ਹੀ ਸਥਾਪਿਤ ਕਰ ਲਈ ਜਾਵੇ ਤਾਂ ਜੋ ਇਸ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਐਪ ਸਬੰਧੀ ਰਸਮੀ ਸਿਖਲਾਈ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਅਤੇ ਈ-ਮੇਲ complaintcellmohali2024@gmail.com ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਵਿਕਲਪ ਵੀ ਖੁੱਲ੍ਹੇ ਹਨ। ਸੀ ਵਿਜਿਲ ’ਤੇ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਲਈ ਚੀਫ਼ ਮਿਨਿਸਟਰ ਫ਼ੀਲਡ ਅਫ਼ਸਰ ਇੰਦਰ ਪਾਲ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਲਾਇਆ ਗਿਆ ਹੈ ਜਦਕਿ ਸ੍ਰੀਮਤੀ ਸੋਨਮ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਨਿਗਰਾਨ ਅਧਿਕਾਰੀ ਲਾਇਆ ਗਿਆ ਹੈ।