ਉੜੀਸਾ, 06 ਅਕਤੂਬਰ 2025: ਉੜੀਸਾ ਦੇ ਕਟਕ ‘ਚ ਦੁਰਗਾ ਪੂਜਾ ਮੂਰਤੀਆਂ ਦੇ ਵਿਸਰਜਨ ਦੌਰਾਨ ਹੋਈਆਂ ਹਿੰਸਕ ਝੜੱਪਾਂ ਤੋਂ ਬਾਅਦ ਪ੍ਰਸ਼ਾਸਨ ਨੇ 36 ਘੰਟੇ ਦਾ ਕਰਫਿਊ ਲਗਾ ਦਿੱਤਾ ਹੈ। ਇਹ ਕਰਫਿਊ 6 ਅਕਤੂਬਰ ਨੂੰ ਰਾਤ 10 ਵਜੇ ਤੋਂ 7 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਲਾਗੂ ਰਹੇਗਾ। ਭਾਰਤੀ ਦੰਡ ਵਿਧਾਨ ਦੀ ਧਾਰਾ 163 ਤਹਿਤ ਕਰਫਿਊ ਲਗਾਇਆ ਗਿਆ ਹੈ।
ਕਟਕ ‘ਚ ਸ਼ਾਂਤੀ ਬਣਾਈ ਰੱਖਣ ਲਈ 60 ਪੁਲਿਸ ਪਲਟਨ ਤਾਇਨਾਤ ਕੀਤੇ ਗਏ ਹਨ। ਰੈਪਿਡ ਐਕਸ਼ਨ ਫੋਰਸ (RAF), BSF, CRPF ਅਤੇ ਉੜੀਸਾ ਸਵਿਫਟ ਐਕਸ਼ਨ ਫੋਰਸ ਦੀਆਂ ਅੱਠ ਕੰਪਨੀਆਂ ਨੂੰ ਅਹਿਮ ਥਾਵਾਂ ਅਤੇ ਚੌਰਾਹਿਆਂ ‘ਤੇ ਤਾਇਨਾਤ ਕੀਤਾ ਗਿਆ ਹੈ।
ਖ਼ਬਰਾਂ ਮੁਤਾਬਕ ਦੁਰਗਾ ਪੂਜਾ ਵਿਸਰਜਨ ਯਾਤਰਾ ਦੌਰਾਨ ਕਟਕ ‘ਚ ਦੋ ਭਾਈਚਾਰਿਆਂ ਵਿਚਕਾਰ ਝੜੱਪਾਂ ਹੋਈਆਂ। ਹਿੰਸਾ ਸ਼ੁੱਕਰਵਾਰ ਰਾਤ ਨੂੰ ਪੋਖਰੀ ਖੇਤਰ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਕੁਝ ਸਥਾਨਕ ਲੋਕ ਵਿਸਰਜਨ ਯਾਤਰਾ ਦੌਰਾਨ ਉੱਚੀ ਆਵਾਜ਼ ‘ਚ ਸੰਗੀਤ ਸੁਣ ਕੇ ਨਾਰਾਜ਼ ਹੋ ਗਏ। ਐਤਵਾਰ ਨੂੰ ਫਿਰ ਝੜੱਪਾਂ ਉਦੋਂ ਸ਼ੁਰੂ ਹੋਈਆਂ ਜਦੋਂ VHP ਮੋਟਰਸਾਈਕਲ ਰੈਲੀ ਨੇ ਪ੍ਰਸ਼ਾਸਨਿਕ ਆਦੇਸ਼ਾਂ ਦੀ ਕਥਿਤ ਤੌਰ ‘ਤੇ ਉਲੰਘਣਾ ਕੀਤੀ।
ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ, ਪੱਥਰ ਸੁੱਟੇ, ਅੱਗ ਲਗਾਈ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਅੱਠ ਪੁਲਿਸ ਮੁਲਾਜ਼ਮਾਂ ਸਮੇਤ 25 ਜਣੇ ਜ਼ਖਮੀ ਹੋ ਗਏ। ਐਤਵਾਰ ਸ਼ਾਮ ਨੂੰ ਗੌਰੀਸ਼ੰਕਰ ਪਾਰਕ ਦੇ ਨੇੜੇ ਕਈ ਥਾਵਾਂ ‘ਤੇ ਅੱਗ ਲਗਾਈ, ਜਿਸ ਨਾਲ ਦੁਕਾਨਾਂ ਅਤੇ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਿਆ। ਫਾਇਰ ਸਰਵਿਸ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ‘ਚ ਲਿਆਂਦਾ।
ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸੇਵਾਵਾਂ ਮੁਅੱਤਲ
ਇੰਸਟਾਗ੍ਰਾਮ, ਵਟਸਐਪ, ਫੇਸਬੁੱਕ, ਐਕਸ ਅਤੇ ਸਨੈਪਚੈਟ ਸਮੇਤ ਸਾਰੀਆਂ ਇੰਟਰਨੈੱਟ ਅਤੇ ਮੈਸੇਜਿੰਗ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਪਾਬੰਦੀ ਐਤਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸ਼ਾਮ 7 ਵਜੇ ਤੱਕ ਲਾਗੂ ਹੈ।
Read More: CM ਯੋਗੀ ਦੀ ਤੌਕੀਰ ਰਜ਼ਾ ਨੂੰ ਚੇਤਾਵਨੀ, “ਉਹ ਭੁੱਲ ਗਏ ਯੂਪੀ ‘ਚ ਸੱਤਾ ਕਿਸਦੀ ਹੈ”