July 2, 2024 6:52 pm
Shiromani Akali Dal

ਸਿੱਖਾਂ ਦੀ ਵਿਲੱਖਣ ਧਾਰਮਿਕ ਪਛਾਣ ਦਾ ਅਪਮਾਨ ਕਰਨ ਵਾਸਤੇ ਚਾਲਾਕੀ ਭਰੀ ਸਾਜ਼ਿਸ਼ ਰਚੀ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ, 23 ਜੂਨ 2023: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਇਕ ਗੁਰਸਿੱਖ ਦੀ ਦਾੜੀ ਦਾ ਮਖੌਲ ਉਡਾਉਣ ਤੇ ਨੀਵਾਂ ਵਿਖਾਉਣ ਦੀ ਸ਼ਰਮਨਾਕ ਕਾਰਵਾਈ ਖਾਲਸਾ ਪੰਥ ਦੀ ਵਿਲੱਖਣ ਪਛਾਣ ’ਤੇ ਯੋਜਨਾਬੱਧ ਹਮਲਾ ਹੈ। ਉਹਨਾਂ ਕਿਹਾ ਕਿ ਇਹ ਸਿੱਖ ਕੌਮ ਦੀ ਵੱਖਰੀ ਤੇ ਨਿਆਰੀ ਧਾਰਮਿਕ ਪਛਾਣ ਦੀ ਬਦਨਾਮੀ ਤੇ ਅਪਮਾਨ ਦੀ ਇਕ ਸੋਚੀ ਸਮਝੀ ਤੇ ਡੂੰਘੀ ਸਾਜ਼ਿਸ਼ ਹੈ। ਇਸਦਾ ਅਸਲ ਮਕਸਦ ਸਿੱਖਾਂ ਨੂੰ ਉਹਨਾਂ ਦੀ ਨਿਆਰੀ ਪਛਾਣ ਦੇ ਮਾਣ ਤੋਂ ਸਿੱਖਾਂ ਨੂੰ ਵਿਰਵਾ ਕਰਨਾ ਹੈ।

ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੰਧਵਾਂ ਆਪ ਅੰਮ੍ਰਿਤਧਾਰੀ ਸਿੱਖ ਹਨ ਪਰ ਭਗਵੰਤ ਮਾਨ ਵੱਲੋਂ ਸਿੱਖ ਧਰਮ ਦੇ ਵਿਰਸੇ ਨੂੰ ਚਿੱਟੇ ਦਿਨ ਫਾੜਦਿਆਂ ਵੇਖ ਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀ਼ ਵੱਜੀ ਤੇ ਉਹ ਆਪਣੀ ਕੁਰਸੀ ’ਤੇ ਬੈਠੇ ਹੱਸਦੇ ਰਹੇ।

ਸਪੀਕਰ ਨੇ ਨਾ ਤਾਂ ਦਖਲ ਦਿੱਤਾ ਤੇ ਨਾ ਹੀ ਮੁੱਖ ਮੰਤਰੀ ਨੂੰ ਆਪਣੀਆਂ ਟਿੱਪਣੀਆਂ ਵਾਪਸ ਲੈ ਵਾਸਤੇ ਆਖਿਆ ਤੇ ਨਾ ਹੀ ਮੁਆਫੀ ਮੰਗਣ ਵਾਸਤੇ ਕਿਹਾ। ਦੂਜੇ ਪਾਸੇ ਸੰਧਵਾ ਨੇ ਸੂਬੇ ਵਿਚ ਲੋਕਤੰਤਰ ਦੇ ਸਭ ਤੋਂ ਪਵਿੱਤਰ ਮੰਦਿਰ ਵਿਚ ਆਪਣੇ ਹੀ ਧਰਮ ਦੇ ਪਵਿੱਤਰ ਕੱਕਾਰ ਦੇ ਅਪਮਾਨ ’ਤੇ ਖੁਸ਼ੀਆਂ ਮਨਾਈਆਂ ਜਿਸਨੂੰ ਸਾਰੀ ਦੁਨੀਆਂ ਨੇ ਵੇਖਿਆ।

ਅਕਾਲੀ (Shiromani Akali Dal) ਆਗੂ ਨੇ ਕਿਹਾ ਕਿ ਸਪੀਕਰ ਦੇ ਮੁੱਖ ਮੰਤਰੀ ਵੱਲੋਂ ਸਿੱਖ ਕੱਕਾਰਾਂ ਦੇ ਕੀਤੇ ਜਾ ਰਹੇ ਅਪਮਾਨ ’ਤੇ ਜਾਣ ਬੁੱਝ ਕੇ ਖੁਸ਼ੀ ਮਨਾਉਣ ਨਾਲ ਇਹ ਮੁੜ ਚੇਤੇ ਆ ਗਿਆ ਕਿ ਉਹਨਾਂ ਦੇ ਦਾਦਾ ਗਿਆਨੀ ਜ਼ੈਲ ਸਿੰਘ 1984 ਵਿਚ ਸ੍ਰੀ ਹਰਿਮੰਦਿਰ ਸਾਹਿਬ ’ਤੇ ਫੌਜੀ ਹਮਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਸਨ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਪੀਕਰ ਨੇ ਮੁੱਖ ਮੰਤਰੀ ਦੀਆਂ ਸ਼ਰਮਨਾਕ ਟਿੱਪਣੀਆਂ ਨੂੰ ਵਿਧਾਨ ਸਭਾ ਦੇ ਰਿਕਾਰਡ ਵਿਚੋਂ ਕੱਢਣ ਦੇ ਹੁਕਮ ਵੀ ਨਹੀਂ ਦਿੱਤੇ ਤੇ ਉਲਟਾ ਇਸਨੂੰ ਇਤਿਹਾਸ ਦੇ ਰਿਕਾਰਡ ਵਿਚ ਦਰਜ ਕੀਤੇ ਜਾਣ ਦੀ ਆਗਿਆ ਦਿੱਤੀ।

ਉਹਨਾਂ ਕਿਹਾ ਕਿ ਆਪ ਵਿਚਲੇ ਇਸ ਅਖੌਤੀ ਸਿੱਖ ਨੇ ਆਪਣੇ ਸਿੱਖ ਵਿਰੋਧੀ ਆਕਾਵਾਂ ਦੇ ਕਹਿਣ ’ਤੇ ਅਜਿਹਾ ਕੀਤਾ। ਕੀ ਸਪੀਕਰ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਸਿੱਖਾਂ ਬੱਚਿਆਂ ਦੀਆਂ ਅਗਲੀਆਂ ਪੀੜੀਆਂ ਇਹ ਪੜ੍ਹਨਗੀਆਂ ਕਿ ਕਿਵੇਂ ਉਹਨਾਂ ਦੇ ਪੁਰਖੇ ਸਿੱਖ ਵਿਰੋਧੀ ਤਾਕਤਾਂ ਨਾਲ ਰਲੇ ਹੋਏ ਸਨ ਤੇ ਦਸਮ ਪਾਤਸ਼ਾਹ ਵੱਲੋਂ ਬਖਸ਼ੇ ਕੱਕਾਰਾਂ ਦਾ ਅਪਮਾਨ ਕਰਵਾ ਰਹੇ ਸਨ? ਕੀ ਮੁੱਖ ਮੰਤਰੀ ਵੱਲੋਂ ਆਪਣੇ ਹੀ ਧਰਮ ਦਾ ਅਪਮਾਨ ਕੀਤੇ ਜਾਣ ਦੀਆਂ ਕਾਰਵਾਈਆਂ ਅਤੇ ਸਪੀਕਰ ਵੱਲੋਂ ਇਹ ਟਿੱਪਣੀਆਂ ਰਿਕਾਰਡ ਵਿਚੋਂ ਕੱਢਣ ਦੇ ਹੁਕਮ ਦੇਣ ਤੋਂ ਨਾਂਹ ਕਰਨ ਤੋਂ ਬਾਅਦ ਇਸ ਵਿਚ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਸਿੱਖਾਂ ਤੋਂ ਉਹਨਾਂ ਦੀ ਨਿਆਰੀ ਧਾਰਮਿਕ ਪਛਾਣ ਤੇ ਮਾਣ ਖੋਹਣ ਵਾਸਤੇ ਡੂੰਘੀ ਸਾਜ਼ਿਸ਼ ਰਚੀ ਗਈ ਹੈ ?

ਮਜੀਠੀਆ ਨੇ ਆਮ ਆਦਮੀ ਪਾਰਟੀ ਸਮੇਤ ਸਿੱਖ ਵਿਧਾਇਕਾਂ ਤੇ ਦੁਨੀਆਂ ਭਰ ਵਿਚ ਬੈਠੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਇਸਦੇ ਖਿਲਾਫ ਰਚੀ ਜਾ ਰਹੀ ਡੂੰਘੀ ਸਾਜ਼ਿਸ਼ ਪ੍ਰਤੀ ਚੌਕਸ ਹੋਣ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਉਹਨਾਂ ਕਿਹਾ ਕਿ ਤੁਸੀਂ ਭਾਵੇਂ ਸਾਡੇ ਬਾਰੇ ਜੋ ਮਰਜ਼ੀ ਸੋਚੋ, ਅਸੀਂ ਭੁੱਲਣਹਾਰ ਹਾਂ ਪਰ ਰੱਬ ਦੇ ਵਾਸਤੇ ਸਾਡੇ ਖਿਲਾਫ ਆਪਣੀ ਨਫਰਤ ਨੂੰ ਸਾਡੇ ਧਰਮ ’ਤੇ ਹਮਲੇ ਦਾ ਸਬੱਬ ਨਾ ਬਣਨ ਦਿਓ। ਮਜੀਠੀਆ ਨੇ ਸਪਸ਼ਟ ਕਿਹਾ ਕਿ ਉਹ ਇਸ ਹਮਲੇ ਤੋਂ ਆਪਣੇ ਧਰਮ ਦੀ ਰਾਖੀ ਵਾਸਤੇ ਆਪਣੇ ਸਿਆਸੀ ਜੀਵਨ ਤੇ ਆਪਣੀ ਜਾਨ ਦੀ ਕੁਰਬਾਨੀ ਵੀ ਹੱਸ ਕੇ ਦੇਣਗੇ। ਮੈਂ ਪਹਿਲਾਂ ਇਕ ਸਿੱਖ ਹਾਂ ਤੇ ਸਿੱਖ ਰਹਾਂਗਾ ਅਤੇ ਇਸਦੇ ਬਿਨਾਂ ਹੋਰ ਕੋਈ ਫਰਕ ਨਹੀਂ ਪੈਂਦਾ।

ਮਜੀਠੀਆ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਉਸ ਦਿਨ ਸ਼ਰਾਬ ਪੀ ਕੇ ਸਦਨ ਵਿਚ ਆੲ ਸਨ ਤੇ ਉਹਨਾਂ ਜਿਹੜੇ ਸਿੱਖ ਕੱਕਾਰਾਂ ਦੀ ਰਾਖੀ ਵਾਸਤੇ ਸਿੱਖ ਸਦੀਆਂ ਤੋਂ ਆਪਣੀਆਂ ਜਾਨਾਂ ਵਾਰਦੇ ਆਏ ਹਨ, ਉਸ ਅਮੀਰ ਧਾਰਮਿਕ ਵਿਰਸੇ ਦਾ ਮਖੌਲ ਉਡਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਕਾਰਵਾਈ ਨਾ ਤਾਂ ਸਹਿਜੇ ਹੀ ਹੋਈ ਹੈ ਤੇ ਨਾ ਹੀ ਉਹਨਾਂ ਦੇ ਪਾਗਲਪਨ ਦਾ ਨਤੀਜਾ ਹੈ। ਇਹ ਸਿੱਖਾਂ ਤੋਂ ਉਹਨਾਂ ਦੀ ਵਿਲੱਖਣ ਪਛਾਣ ਤੇ ਉਹਨਾਂ ਦਾ ਪਵਿੱਤਰ ਸਰੂਪ ਖੋਹਣ ਦੀ ਡੂੰਘੀ ਸਾਜ਼ਿਸ਼ ਹੈ। ਉਹਨਾਂ ਕਿਹਾ ਤਾਕਤਵਰ ਸਿੱਖ ਵਿਰੋਧੀ ਤਾਕਤਾਂ ਇਸ ਡਰਾਮੇਬਾਜ਼ੀ ਮੁੱਖ ਮੰਤਰੀ ਦੀ ਵਰਤੋਂ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ਕਰ ਰਹੀਆਂ ਹਨ। ਸਰਦਾਰ ਮਜੀਠੀਆ ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮਜੀਠੀਆ ਨੇ ਕਿਹਾ ਕਿ ਹਰ ਸਿੱਖ ਰੋਜ਼ਾਨਾ ਆਪਣੀ ਅਰਦਾਸ ਵਿਚ ’ਕੇਸ ਦਾਨ’ ਮੰਗਦਾ ਹੈ ਤੇ ਉਹਨਾਂ ਸਿੰਘਾਂ ਸਿੰਘਣੀਆਂ ਦੀ ਉਸਤਤ ਕਰਦਾ ਹੈ ਜਿਹਨਾਂ ਨੇ ਕੱਕਾਰਾਂ ਦੀ ਰਾਖੀ ਕਰਦਿਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਸਾਡੇ ਮਾਣ ਮੱਤੇ ਵਿਰਸੇ ਦਾ ਅਪਮਾਨ ਕੀਤਾ ਹੈ ਤੇ ਮਖੌਲ ਉਡਾਇਆ ਹੈ, ਉਸਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ।