July 2, 2024 7:04 pm
MS Dhoni

CSK vs RCB: ਅੱਜ ਬੈਂਗਲੁਰੂ ਖ਼ਿਲਾਫ਼ ਮੁਕਾਬਲੇ ‘ਚ ਗੋਡੇ ਦੀ ਸੱਟ ਦੇ ਬਾਵਜੂਦ ਖੇਡ ਸਕਦੇ ਹਨ ਐੱਮ.ਐੱਸ ਧੋਨੀ

ਚੰਡੀਗੜ੍ਹ,17 ਅਪ੍ਰੈਲ 2023: ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅੱਜ ਆਈ.ਪੀ.ਐੱਲ 2023 ਦੇ 24ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨਾਲ ਭਿੜੇਗੀ। ਇਹ ਮੈਚ ਬੈਂਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਸੀਐਸਕੇ ਦੀ ਟੀਮ ਪਾਰੀ ਦੇ ਮੱਧ ਵਿੱਚ ਰਨ ਰੇਟ ਵਧਾਉਣ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਚੇਨਈ ਦੀ ਟੀਮ ਨੂੰ ਵੀ ਉਮੀਦ ਹੋਵੇਗੀ ਕਿ ਐੱਮ. ਐੱਸ ਧੋਨੀ (MS Dhoni) ਗੋਡੇ ਦੀ ਸੱਟ ਦੇ ਬਾਵਜੂਦ ਮੈਚ ਖੇਡ ਸਕਦੇ ਹਨ |

ਚੇਨਈ ਸੁਪਰ ਕਿੰਗਜ਼ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੂੰ ਉਮੀਦ ਹੈ ਕਿ ਧੋਨੀ (MS Dhoni) ਆਰਸੀਬੀ ਖ਼ਿਲਾਫ਼ ਵੀ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਉਹ ਮੈਚ ਤੋਂ ਤੋਂ ਬਾਹਰ ਹੋਣਗੇ, ਪਰ ਸਾਨੂੰ ਸੋਮਵਾਰ ਸ਼ਾਮ ਤੱਕ ਇੰਤਜ਼ਾਰ ਕਰਨਾ ਹੋਵੇਗਾ। ਰਾਜਸਥਾਨ ਖਿਲਾਫ ਘਰੇਲੂ ਹਾਰ ਤੋਂ ਬਾਅਦ ਧੋਨੀ ਦੀ ਲੱਤ ‘ਚ ਪ੍ਰੇਸ਼ਾਨੀ ਦਿਖਾਈ ਦੇ ਰਹੀ ਹੈ । ਹਾਲਾਂਕਿ ਅੱਠਵੇਂ ਨੰਬਰ ‘ਤੇ ਉਤਰੇ ਧੋਨੀ ਦੀਆਂ ਕੋਸ਼ਿਸ਼ਾਂ ‘ਚ ਕੋਈ ਕਮੀ ਨਹੀਂ ਆਈ। ਟੀਮ ਆਖਰੀ ਗੇਂਦ ‘ਤੇ ਹਾਰ ਗਈ।

ਹੁਣ ਤੱਕ ਦੀ ਮੁਹਿੰਮ ਚੇਨਈ ਅਤੇ ਬੈਂਗਲੁਰੂ ਦੋਵਾਂ ਟੀਮਾਂ ਲਈ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ। ਚੇਨਈ ਨੇ ਇਸ ਸੀਜ਼ਨ ‘ਚ ਹੁਣ ਤੱਕ ਚਾਰ ਮੈਚ ਖੇਡੇ ਹਨ। ਇਸ ਵਿੱਚੋਂ ਟੀਮ ਨੇ ਦੋ ਮੈਚ ਜਿੱਤੇ ਹਨ ਅਤੇ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਨਈ ਨੂੰ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ ਕਿ ਟੀਮ ਨੇ ਲਖਨਊ ਸੁਪਰਜਾਇੰਟਸ ਅਤੇ ਮੁੰਬਈ ਇੰਡੀਅਨਸ ਦੇ ਖ਼ਿਲਾਫ਼ ਜਿੱਤ ਦਰਜ ਕੀਤੀ ਹੈ।

ਦੋਵੇਂ ਟੀਮਾਂ ਹੁਣ ਤੱਕ 30 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ‘ਚੋਂ ਚੇਨਈ ਨੇ 19 ਮੈਚ ਜਿੱਤੇ, ਜਦਕਿ ਬੈਂਗਲੁਰੂ ਨੇ 10 ਮੈਚ ਜਿੱਤੇ। ਇੱਕ ਮੈਚ ਬੇਨਤੀਜਾ ਰਿਹਾ। ਦੋਵਾਂ ਵਿਚਾਲੇ ਪਿਛਲੇ ਪੰਜ ਮੈਚਾਂ ‘ਚੋਂ ਧੋਨੀ ਦੀ ਟੀਮ ਨੇ ਚਾਰ ਮੈਚ ਜਿੱਤੇ ਹਨ। ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਇਸ ਮੈਚ ਲਈ ਖਾਸ ਮਾਹੌਲ ਹੋਵੇਗਾ। 41 ਸਾਲਾ ਧੋਨੀ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਗੋਡੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ, ਪਰ ਹੁਣ ਤੱਕ ਟੀਮ ਦੇ ਸਾਰੇ ਚਾਰ ਮੈਚਾਂ ‘ਚ ਖੇਡੇ ਹਨ |