ਨਵੀਂ ਦਿੱਲੀ/ਚੰਡੀਗੜ੍ਹ, 06 ਅਗਸਤ 2025: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਅਤੇ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਜਨਤਕ ਟੈਕਸ ਤੋਂ ਕਰੋੜਾਂ ਰੁਪਏ ਖਰਚ ਹੋ ਰਹੇ ਹਨ, ਪਰ ਸੰਸਦ ‘ਚ ਕੋਈ ਸਾਰਥਕ ਕੰਮ ਨਹੀਂ ਹੋ ਰਿਹਾ ਹੈ।
ਪੱਤਰ ਰਹੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਿਖੇ ਇਸ ਤਿੰਨ ਪੰਨਿਆਂ ਦੇ ਪੱਤਰ ‘ਚ ਦਾਅਵਾ ਕੀਤਾ ਗਿਆ ਹੈ ਕਿ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਹਰ ਮਿੰਟ 2.5 ਲੱਖ ਰੁਪਏ ਖਰਚ ਹੋ ਰਹੇ ਹਨ। ਇਸੇ ਤਰ੍ਹਾਂ ਪ੍ਰਤੀ ਦਿਨ ਔਸਤਨ ਖਰਚ ਲਗਭਗ 10 ਕਰੋੜ ਰੁਪਏ ਹੈ ਅਤੇ ਪਿਛਲੇ 12 ਦਿਨਾਂ ‘ਚ ਲਗਭਗ 120 ਕਰੋੜ ਰੁਪਏ ਖਰਚ ਹੋਏ ਹਨ, ਜਦੋਂ ਕਿ ਇਨ੍ਹਾਂ 12 ਦਿਨਾਂ ‘ਚ ਸੰਸਦ ਦੀ ਕਾਰਵਾਈ ਸਹੀ ਢੰਗ ਨਾਲ ਨਹੀਂ ਚੱਲ ਸਕੀ ਹੈ।
ਰਾਜ ਸਭਾ ਦੇ ਡਿਪਟੀ ਚੇਅਰਮੈਨ ਅਤੇ ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ‘ਚ, ਉਨ੍ਹਾਂ ਕਿਹਾ ਹੈ ਕਿ ਸਦਨ ‘ਚ ਜਨਤਾ ਦੇ ਮੁੱਦਿਆਂ ਨੂੰ ਉਠਾਉਣਾ ਵਿਰੋਧੀ ਧਿਰ ਦਾ ਮੁੱਖ ਕੰਮ ਹੈ, ਪਰ ਸਦਨ ‘ਚ ਅਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਹਨ ਕਿ ਵਿਰੋਧੀ ਧਿਰ ਨੂੰ ਹੰਗਾਮਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਨੂੰ ਜ਼ੀਰੋ ਆਵਰ, ਪ੍ਰਸ਼ਨ ਕਾਲ ਅਤੇ ਵਿਸ਼ੇਸ਼ ਜ਼ਿਕਰ ਰਾਹੀਂ ਜਨਤਾ ਦੇ ਮੁੱਦੇ ਉਠਾਉਣ ਦਾ ਮੌਕਾ ਮਿਲਦਾ ਹੈ, ਪਰ ਜਦੋਂ ਸੰਸਦ ਹੀ ਨਾ ਚੱਲੇ, ਤਾਂ ਇੱਕ ਸੰਸਦ ਮੈਂਬਰ ਦੇ ਇਹ ਸਾਰੇ ਅਧਿਕਾਰ ਖੋਹ ਲਏ ਜਾਂਦੇ ਹਨ। ਸੰਸਦ ‘ਚ ਹੰਗਾਮਾ ਕਰਕੇ ਕੋਈ ਨਹੀਂ ਜਿੱਤਦਾ, ਸਗੋਂ ਇਹ ਦੇਸ਼ ਦੇ ਆਮ ਨਾਗਰਿਕਾਂ ਦੀ ਹਾਰ ਹੈ, ਜਿਨ੍ਹਾਂ ਨੇ ਨੁਮਾਇੰਦੇ ਚੁਣੇ ਹਨ ਅਤੇ ਉਨ੍ਹਾਂ ਨੂੰ ਇਹ ਸੋਚ ਕੇ ਸੰਸਦ ‘ਚ ਭੇਜਿਆ ਹੈ ਕਿ ਇੱਕ ਦਿਨ ਉਨ੍ਹਾਂ ਦੀ ਆਵਾਜ਼ ਵੀ ਸੰਸਦ ਦੀ ਆਵਾਜ਼ ਬਣੇਗੀ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਸੀਂ ਹੁਣ ਤੱਕ ਦੇਸ਼ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ, ਸਾਫ਼ ਹਵਾ ਅਤੇ ਸ਼ੁੱਧ ਭੋਜਨ ਪ੍ਰਦਾਨ ਨਹੀਂ ਕਰ ਸਕੇ ਹਾਂ, ਜਦੋਂ ਕਿ ਇਹ ਸਾਰੇ ਮਨੁੱਖੀ ਜੀਵਨ ਦੇ ਸੰਵਿਧਾਨਕ ਅਧਿਕਾਰ ਹਨ।
ਬੇਰੁਜ਼ਗਾਰੀ ਕਾਰਨ, ਦੇਸ਼ ਦੀ ਨੌਜਵਾਨ ਪੀੜ੍ਹੀ ਜਾਂ ਤਾਂ ਨਸ਼ਿਆਂ ਦੀ ਦਲਦਲ ‘ਚ ਫਸ ਰਹੀ ਹੈ ਜਾਂ ਵਿਦੇਸ਼ਾਂ ਵੱਲ ਪਰਵਾਸ ਕਰ ਰਹੀ ਹੈ। ਸੰਸਦ ਨੇ ਕਦੇ ਵੀ ਇਸ ਗੱਲ ‘ਤੇ ਚਿੰਤਾ ਨਹੀਂ ਪ੍ਰਗਟ ਕੀਤੀ ਕਿ ਰੁਜ਼ਗਾਰ ਦੀ ਭਾਲ ‘ਚ ਵਿਦੇਸ਼ ਗਏ ਭਾਰਤੀਆਂ ਨੂੰ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ, ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਭਾਰਤੀਆਂ ਨੂੰ ਹਥਕੜੀਆਂ ‘ਚ ਕੈਦੀਆਂ ਵਾਂਗ ਦੇਸ਼ ਨਿਕਾਲਾ ਦਿੱਤਾ। ਰੂਸੀ ਫੌਜ ‘ਚ ਭਰਤੀ ਹੋਏ 13 ਪਰਿਵਾਰਾਂ ਦੇ ਬੱਚੇ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਜੇ ਵੀ ਉਨ੍ਹਾਂ ਦੀ ਉਡੀਕ ਕਰ ਰਹੇ ਹਨ – ਪਰ ਅਜਿਹੇ ਮੁੱਦਿਆਂ ‘ਤੇ ਸੰਸਦ ‘ਚ ਕਦੇ ਵੀ ਚਰਚਾ ਨਹੀਂ ਹੋ ਸਕੀ।
Read More: ਸੰਸਦ ‘ਚ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਦਿੱਤੀ ਸ਼ਰਧਾਂਜਲੀ, ਉੱਤਰਾਖੰਡ ‘ਚ ਕੁਦਰਤੀ ਆਫ਼ਤ ਦਾ ਹੋਇਆ ਜ਼ਿਕਰ