ਚੰਡੀਗੜ੍ਹ, 15 ਮਈ 2024: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਇੱਕ ਵਾਰ ਫਿਰ ਪੱਛਮੀ ਦੇਸ਼ ਦੇ ਮੀਡੀਆ ਵੱਲੋਂ ਭਾਰਤੀ ਚੋਣਾਂ ਦੀ ਕਵਰੇਜ ਦੀ ਆਲੋਚਨਾ ਕੀਤੀ ਹੈ। ਜੈਸ਼ੰਕਰ ਨੇ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ “ਚੋਣਾਂ ਦੇ ਨਤੀਜਿਆਂ ਦਾ ਫੈਸਲਾ ਕਰਨ ਲਈ ਅਦਾਲਤ ਵਿੱਚ ਜਾਣਾ ਪੈਂਦਾ ਹੈ” ਅੱਜ ਸਾਨੂੰ ਚੋਣਾਂ ਕਰਵਾਉਣ ਬਾਰੇ ਸਿਆਣਪ ਦੇ ਰਹੇ ਹਨ।
ਵਿਦੇਸ਼ ਮੰਤਰੀ ਮੰਗਲਵਾਰ ਨੂੰ ਕੋਲਕਾਤਾ ‘ਚ ਆਪਣੀ ਕਿਤਾਬ ‘ਵਾਈ ਇੰਡੀਆ ਮੈਟਰਸ’ ਦੇ ਬੰਗਾਲੀ ਸੰਸਕਰਣ ਦੇ ਲਾਂਚ ਪ੍ਰੋਗਰਾਮ ‘ਚ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲਬਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਪੱਛਮੀ ਦੇਸ਼ ਸੋਚਦੇ ਹਨ ਕਿ ਉਹ ਪਿਛਲੇ 200 ਸਾਲਾਂ ਤੋਂ ਦੁਨੀਆ ਨੂੰ ਚਲਾ ਰਹੇ ਹਨ। ਉਹ ਭਾਰਤ ਨਾਲ ਵੀ ਅਜਿਹਾ ਕਰਨਾ ਚਾਹੁੰਦੇ ਹਨ।
ਜੈਸ਼ੰਕਰ (S Jaishankar) ਨੇ ਕਿਹਾ, “ਪੱਛਮੀ ਮੀਡੀਆ ਸਿਰਫ ਕੁਝ ਖਾਸ ਲੋਕਾਂ ਨੂੰ ਦੇਸ਼ ਦੀ ਸੱਤਾ ‘ਤੇ ਕਾਬਜ਼ ਹੁੰਦੇ ਦੇਖਣਾ ਚਾਹੁੰਦਾ ਹੈ ਅਤੇ ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਉਹ ਇਸ ਨੂੰ ਪਸੰਦ ਨਹੀਂ ਕਰਦੇ। ਉਹ ਆਪਣੀ ਚੋਣ ਕਵਰੇਜ ‘ਚ ਕੁਝ ਲੋਕਾਂ ਦਾ ਖੁੱਲ੍ਹ ਕੇ ਸਮਰਥਨ ਕਰਦੇ ਹਨ।”
ਪੱਛਮੀ ਮੀਡੀਆ ਪਿਛਲੇ 300 ਸਾਲਾਂ ਤੋਂ ਹਾਵੀ ਹੋਣ ਦੀ ਖੇਡ, ਖੇਡ ਰਿਹਾ ਹੈ। ਉਹ ਤਜਰਬੇਕਾਰ ਅਤੇ ਚਲਾਕ ਲੋਕ ਹਨ। ਉਹ ਭਾਰਤ ਬਾਰੇ ਨਕਾਰਾਤਮਕ ਗੱਲਾਂ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਭਾਰਤ ਉਨ੍ਹਾਂ ਦੇ ਵਿਸ਼ਵਾਸਾਂ ‘ਤੇ ਚੱਲਣ ਲਈ ਤਿਆਰ ਨਹੀਂ ਹੈ।