ਮੋਹਾਲੀ, 26 ਜੂਨ, 2024: ਟਰਾਈਡੈਂਟ ਸਟਾਲੀਅਨਜ਼ (Trident Stallions) ਸ਼ੇਰ-ਏ-ਪੰਜਾਬ ਟੀ-20 ਕੱਪ ਦੇ ਟੂਰਨਾਮੈਂਟ ‘ਚ ਸਭ ਤੋਂ ਸਫਲ ਟੀਮਾਂ ਚੋਂ ਇੱਕ ਹੈ। ਹੁਣ ਟਰਾਈਡੈਂਟ ਸਟਾਲੀਅਨਜ਼ ਦਾ ਫਾਈਨਲ ਮੁਕਾਬਲਾ ਬੀ.ਐੱਲ.ਵੀ ਬਲਾਸਟਰਸ ਨਾਲ ਹੋਵੇਗਾ | ਦੋਵਾਂ ਟੀਮਾਂ ਵਿਚਾਲੇ ਖਿਤਾਬੋ ਮੁਕਾਬਲਾ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ‘ਚ ਹੋਵੇਗਾ |
ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ ਟ੍ਰਾਈਡੈਂਟ ਸਟਾਲੀਅਨਜ਼ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਅਤੇ ਟ੍ਰਾਈਡੈਂਟ ਟੀਮ ਨੇ 10 ‘ਚੋਂ 7 ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਹਾਲਾਂਕਿ ਦੋਵੇਂ ਟੀਮਾਂ ਲੀਗ ਦੌਰ ‘ਚ ਬਰਾਬਰੀ ‘ਤੇ ਰਹੀਆਂ। 13 ਜੂਨ ਨੂੰ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਈਆਂ ਅਤੇ ਫਿਰ ਟ੍ਰਾਈਡੈਂਟ ਨੇ ਬਲਾਸਟਰਜ਼ ਨੂੰ 34 ਦੌੜਾਂ ਨਾਲ ਹਰਾਇਆ। ਉਥੇ ਹੀ 20 ਜੂਨ ਨੂੰ ਦੋਵੇਂ ਟੀਮਾਂ ਇਕ ਵਾਰ ਫਿਰ ਆਹਮੋ-ਸਾਹਮਣੇ ਹੋਈਆਂ ਪਰ ਇਸ ਵਾਰ ਬਲਾਸਟਰਜ਼ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਹੁਣ ਫਾਈਨਲ ‘ਚ ਇਹ ਤੈਅ ਹੋਵੇਗਾ ਕਿ ਸੀਜ਼ਨ ਦਾ ਖ਼ਿਤਾਬ ਕੌਣ ਜਿੱਤਦਾ ਹੈ |
ਟ੍ਰਾਈਡੈਂਟ ਬੱਲੇਬਾਜਾਂ ਦਾ ਪ੍ਰਦਰਸ਼ਨ:-
ਟਰਾਈਡੈਂਟ ਸਟਾਲੀਅਨਜ਼ (Trident Stallions) ਲਈ ਦੌੜਾਂ ਬਣਾਉਣ ਵਿੱਚ ਅਭੈ ਚੌਧਰੀ ਪਹਿਲੇ ਸਥਾਨ ‘ਤੇ ਹੈ। ਉਸ ਨੇ 11 ਮੈਚਾਂ ਵਿੱਚ 435 ਦੌੜਾਂ ਬਣਾਈਆਂ ਹਨ ਅਤੇ ਅਭੈ ਦੀ ਔਸਤ 48.33 ਹੈ। ਇਸ ਦੇ ਨਾਲ ਹੀ ਕੈਪਟਨ ਪ੍ਰਭਸਿਮਰਨ ਸਿੰਘ ਵੀ ਪਿੱਛੇ ਨਹੀਂ ਹਨ। ਪ੍ਰਭਸਿਮਰਨ ਨੇ 11 ਮੈਚਾਂ ਵਿੱਚ 44.89 ਦੀ ਔਸਤ ਨਾਲ 404 ਦੌੜਾਂ ਬਣਾਈਆਂ। ਰਮਨਦੀਪ ਸਿੰਘ ਟੀਮ ਦੇ ਤਜ਼ਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹੈ। ਰਮਨਦੀਪ ਨੇ 10 ਮੈਚਾਂ ਵਿੱਚ ਟੀਮ ਲਈ 268 ਦੌੜਾਂ ਬਣਾਈਆਂ ਅਤੇ ਮੱਧਕ੍ਰਮ ਵਿੱਚ ਸਲਿਲ ਅਰੋੜਾ ਨੇ 11 ਪਾਰੀਆਂ ਵਿੱਚ 264 ਦੌੜਾਂ ਦਾ ਯੋਗਦਾਨ ਪਾਇਆ।
ਗੇਂਦਬਾਜ਼ੀ ‘ਚ ਗੁਰਨੂਰ ਦਾ ਜਵਾਬ ਨਹੀਂ
ਗੁਰਨੂਰ ਬਰਾੜ ਟ੍ਰਾਈਡੈਂਟ ਦੇ ਗੇਂਦਬਾਜ਼ੀ ਕ੍ਰਮ ‘ਚ ਸਭ ਤੋਂ ਮੋਹਰੀ ਹੈ। ਉਨ੍ਹਾਂ ਨੇ ਸੀਜ਼ਨ-2 ‘ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਗੁਰਨੂਰ ਨੇ 10 ਮੈਚਾਂ ਵਿੱਚ 20 ਵਿਕਟਾਂ ਲੈ ਕੇ ਗ੍ਰੀਨ ਕੈਪ ਬਰਕਰਾਰ ਰੱਖੀ ਹੈ। ਇਸ ਦੇ ਨਾਲ ਹੀ ਆਰਿਆਮਨ ਸਿੰਘ ਨੇ 11 ਮੈਚਾਂ ਵਿੱਚ 12 ਵਿਕਟਾਂ ਲੈ ਕੇ ਇੱਕ ਸਪਿਨਰ ਦੀ ਭੂਮਿਕਾ ਨਿਭਾਈ ਹੈ। ਆਲਰਾਊਂਡਰ ਰਮਨਦੀਪ ਸਿੰਘ ਦੇ ਨਾਂ 9 ਮੈਚਾਂ ‘ਚ 9 ਵਿਕਟਾਂ ਹਨ, ਜਦਕਿ ਚਾਈਨਾਮੈਨ ਸ਼ੁਭਮ ਅਰੋੜਾ ਨੇ 7 ਮੈਚਾਂ ‘ਚ 8 ਵਿਕਟਾਂ ਹਾਸਲ ਕੀਤੀਆਂ ਹਨ। ਬਲਤੇਜ ਜ਼ਖਮੀ ਹੈ ਪਰ ਉਸ ਨੇ 8 ਵਿਕਟਾਂ ਵੀ ਲਈਆਂ ਹਨ।