Site icon TheUnmute.com

ਪੰਜਾਬੀ ਟਾਇਪੋਗ੍ਰਾਫੀ ਦਾ ਸਿਰਜਕ : ਸਭ ਤੋਂ ਪਹਿਲਾਂ ਗੁਰਮੁਖੀ ਨਾਮ ਦਾ ਪੰਜਾਬੀ ਫੋਂਟ ਕਿਸਨੇ ਕੀਤਾ ਤਿਆਰ

~ ਹਰਪ੍ਰੀਤ ਸਿੰਘ ਕਾਹਲੋਂ

ਚੰਡੀਗੜ੍ਹ, 21 ਫਰਵਰੀ 2022 : ਅਮਰੀਕਾ ਵੱਸਦੇ ਡਾ.ਕੁਲਬੀਰ ਸਿੰਘ ਥਿੰਦ ਹੁਣਾਂ 1984 ‘ਚ ਸਭ ਤੋਂ ਪਹਿਲਾਂ ਗੁਰਮੁਖੀ ਨਾਮ ਦਾ ਪੰਜਾਬੀ ਫੋਂਟ ਤਿਆਰ ਕੀਤਾ। ਇਹਨਾਂ ਫੋਂਟ ਨੂੰ ਤਿਆਰ ਕਰਨ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ।ਕੁਲਬੀਰ ਥਿੰਦ ਹੁਣਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਘਰਵਾਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਰਿਸਰਚਰ ਸੀ ਅਤੇ ਖੋਜ ਕਰਕੇ ਕੰਪਿਊਟਰ ਦੀ ਲੋੜ ਪਈ।

ਇੰਝ ਉਹਨਾਂ ਦਾ ਰਾਬਤਾ ਕੰਪਿਊਟਰ ਨਾਲ ਹੋਇਆ ਅਤੇ ਵੇਖਿਆ ਕਿ ਅੰਗਰੇਜ਼ੀ ਨੂੰ ਲਿਖਣ ਦੇ ਕਈ ਫੋਂਟ ਹਨ ਪਰ ਪੰਜਾਬੀ ਦਾ ਇੱਕ ਵੀ ਨਹੀਂ। ਪੰਜਾਬੀ ਦੇ ਪਸਾਰ ਲਈ ਇਹਨੂੰ ਤਕਨੀਕੀ ਮੰਚ ‘ਤੇ ਪੇਸ਼ ਕਰਨਾ ਜ਼ਰੂਰੀ ਸੀ ਕਿਉਂ ਕਿ ਆਉਣ ਵਾਲਾ ਜ਼ਮਾਨਾ ਤਕਨੀਕ ਦਾ ਸੀ ਅਤੇ ਇਹ ਸਾਰਾ ਕੰਮ ਸ਼ੌਂਕ-ਸ਼ੌਂਕ ‘ਚ ਹੋਇਆ।

ਡਾ. ਥਿੰਦ ਮੁਤਾਬਕ ਪਹਿਲਾਂ ਇਹ ਫੋਂਟ ਬਿਟ ਮੈਪ ਤਕਨੀਕ ਅਧੀਨ ਸਨ।ਜਿਸ ਕਰਕੇ ਅੱਖਰਾਂ ਦਾ ਅਕਾਰ ਵੱਡਾ ਹੋਣ ‘ਤੇ ਇਹ ਧੁੰਦਲੇ ਪੈ ਜਾਂਦੇ ਸਨ।ਹੁਣ ਫੋਂਟ ਆਊਟਲਾਈਨ ਤਕਨੀਕ ‘ਚ ਹਨ। ਉਹ ਦੱਸਦੇ ਹਨ ਕਿ ਇਹ ਕੋਈ ਇੱਕ ਦਿਨ ਦੀ ਤਰੱਕੀ ਨਹੀਂ ਹੈ।ਇਸ ਦੌਰਾਨ ਕਈਆਂ ਸੱਜਣਾਂ ਨੇ ਸਲਾਹ ਦਿੱਤੀ ਕਿ ਕੀ-ਬੋਰਡ ‘ਤੇ ਅੱਖਰਾਂ ਦੀ ਪਲੇਸਮੈਂਟ ਸਹੀ ਕਰਨ ਦੀ ਲੋੜ ਹੈ ਅਤੇ ਪੁਰਾਣੀ ਪਲੇਸਮੈਂਟ ‘ਚ ਟਾਈਪਿੰਗ ਹੋਲੀ ਹੁੰਦੀ ਹੈ।

ਇੰਝ ਫਿਰ ਚਾਤ੍ਰਿਕ ਫੋਂਟ ਹੋਂਦ ‘ਚ ਆਇਆ।ਪਹਿਲਾਂ ਫੋਂਟ ਦਾ ਨਾਮ ਗੁਰਮੁਖੀ ਰੱਖਿਆ ਸੀ।ਫਿਰ ਅਨਮੋਲ ਲਿਪੀ,ਅੰਮ੍ਰਿਤ ਲਿਪੀ,ਗੁਰਬਾਣੀ ਲਿਪੀ ਆਏ। ਫਿਰ ਬਦਲਾਅ ਤੋਂ ਬਾਅਦ ਅਖੀਰ ਚਾਤ੍ਰਿਕ ਫੋਂਟ ਆਇਆ ਜਿਹਦਾ ਨਾਮ ਧਨੀ ਰਾਮ ਚਾਤ੍ਰਿਕ ਹੁਣਾਂ ਦੇ ਨਾਮ ‘ਤੇ ਰੱਖਿਆ।  ਯੂਨੀਫੋਰਮਟੀ ਲਈ ਤਕਨੀਕੀ ਮਾਹਰਾਂ ਨੇ ਯੂਨੀਕੋਡ ਸਟੈਂਡਰਡ  ਵਿਕਸਤ ਕਰ ਦਿੱਤਾ ਅਤੇ 2001 ਤੋਂ ਬਾਅਦ ਫੋਂਟ ਦੀ ਦੁਨੀਆਂ ‘ਚ ਹੋਰ ਚੰਗੇ ਸੁਧਾਰ ਆਉਂਦੇ ਗਏ।

ਡਾ.ਥਿੰਦ ਮੁਤਾਬਕ ਇਸ ਵੇਲੇ ਪੰਜਾਬੀ ਦੇ ਅੰਦਾਜ਼ਣ ਨੋਨ ਸਟੈਂਡਰਡ ਫੋਂਟ 50 ਦੇ ਲੱਗਭਗ ਹਨ ਅਤੇ ਯੂਨੀਕੋਡ ਅਧਾਰਤ 15 ਦੇ ਲੱਗਭਗ ਫੋਂਟ ਹਨ। ਇਹ ਡਾ.ਕੁਲਬੀਰ ਸਿੰਘ ਥਿੰਦ ਹੀ ਹਨ ਜਿੰਨ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਤਕਨੀਕੀ ਦੁਨੀਆਂ ‘ਚ ਡਿਜੀਟਲ ਰੂਪ ਵਿਚ ਪਾਠ ਕਰਨ ਲਈ ਆਪਣੇ ‘ਗੁਰਬਾਣੀ ਸੀਡੀ’ ਪ੍ਰੋਜੈਕਟ ਰਾਹੀਂ ਪੇਸ਼ ਕੀਤਾ।

ਇੰਝ ਗੁਰੁ ਗ੍ਰੰਥ ਸਾਹਿਬ ਵੈਬ ਦੁਨੀਆਂ ‘ਚ ਅੱਖਰ ਰੂਪ ‘ਚ ਅੰਗਰੇਜ਼ੀ ਤਰਜਮੇ ਨਾਲ ਸਾਨੂੰ ਮੁਹੱਈਆ ਹੋਇਆ। ਗੁਰੁ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਕੰਪਿਊਟਰਾਈਜੇਸ਼ਨ ਡਾ ਥਿੰਦ ਦਾ ਹੰਭਲਾ ਸੀ। ਉਹਨਾਂ ਨੇ ਹੀ ਗੁਰੁ ਗ੍ਰੰਥ ਸਾਹਿਬ ਨੂੰ ਦੇਵਨਾਗਰੀ ‘ਚ ਵੀ ਪੜ੍ਹਣਯੋਗ ਬਣਾਇਆ ਅਤੇ ਗੁਰਬਾਣੀ ਦੀ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ ਪੇਸ਼ ਕੀਤੀ।

ਅੱਖਰ ਅੱਖਰ ਗੁਰਬਾਣੀ ਦਾ ਤਰਜਮਾ ਅਤੇ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ  ਨਾਲ ਹੀ ਗੁਰਬਾਣੀ ਨੂੰ ਬੇਹਤਰ ਢੰਗ ਨਾਲ ਕੰਪਿਊਟਰ ‘ਤੇ ਪੜ੍ਹਣਾ ਸੋਖਾਲਾ ਹੋਇਆ। ਉਹਨਾਂ ਦੀਆਂ ਇਹਨਾਂ ਸੇਵਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਰਤਦੀ ਵੀ ਹੈ ਅਤੇ ਇਸ ਲਈ ਉਹਨਾਂ ਡਾ ਥਿੰਦ ਦਾ ਸਨਮਾਣ ਵੀ ਕੀਤਾ ਹੈ।

Exit mobile version