ਚੰਡੀਗੜ੍ਹ, 05 ਅਪ੍ਰੈਲ 2023: ਦੇਸ਼ ‘ਚ ਫਿਰ ਤੋਂ ਕੋਰੋਨਾ (Corona) ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਵਕੀਲਾਂ ਨੂੰ ਵੱਡੀ ਰਾਹਤ ਦਿੱਤੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਕੀਲਾਂ ਨੂੰ ਅਦਾਲਤ ‘ਚ ਵਰਚੂਅਲੀ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ ਜਸਟਿਸ ਨੇ ਕਿਹਾ, ‘ਅਖਬਾਰਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ਵਿੱਚ ਜੇਕਰ ਵਕੀਲ ਵਰਚੂਅਲੀ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ। ਉਹ ਹਾਈਬ੍ਰਿਡ ਮੋਡ ਵਿੱਚ ਵੀ ਕੰਮ ਕਰ ਸਕਦੇ ਹਨ।
ਅੰਕੜਿਆਂ ਦੇ ਅਨੁਸਾਰ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 4,435 ਮਰੀਜ਼ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਹ ਪਿਛਲੇ 163 ਦਿਨਾਂ ਦੇ ਅੰਕੜਿਆਂ ਵਿੱਚ ਸਭ ਤੋਂ ਵੱਧ ਹੈ। ਇਸ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 23 ਹਜ਼ਾਰ 91 ਹੋ ਗਈ ਹੈ। ਐਕਟਿਵ ਕੇਸ ਦਾ ਮਤਲਬ ਹੈ ਉਹ ਮਰੀਜ਼ ਜੋ ਅਜੇ ਵੀ ਇਲਾਜ ਅਧੀਨ ਹਨ।
ਕੋਰੋਨਾ (Corona) ਕਾਰਨ ਮੌਤਾਂ ਵੀ ਵਧੀਆਂ ਹਨ। ਪਿਛਲੇ 24 ਘੰਟਿਆਂ ਵਿੱਚ 15 ਜਣਿਆਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਵਿੱਚੋਂ ਕੇਰਲ ਅਤੇ ਮਹਾਰਾਸ਼ਟਰ ਵਿੱਚ ਚਾਰ-ਚਾਰ ਮੌਤਾਂ ਹੋਈਆਂ ਹਨ। ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਪੁਡੂਚੇਰੀ ਅਤੇ ਰਾਜਸਥਾਨ ਵਿੱਚ ਇੱਕ-ਇੱਕ ਕਰੋਨਾ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ ਹੈ। ਹੁਣ ਤੱਕ ਸੰਕਰਮਣ ਕਾਰਨ ਕੁੱਲ 5 ਲੱਖ 30 ਹਜ਼ਾਰ 916 ਮੌਤਾਂ ਹੋ ਚੁੱਕੀਆਂ ਹਨ।