ਚੰਡੀਗੜ੍ਹ, 27 ਮਈ 2023: ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਥਿਤ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਸੀਬੀਆਈ ਦੀ ਸਪਲੀਮੈਂਟਰੀ ਚਾਰਜਸ਼ੀਟ ਦਾ ਨੋਟਿਸ ਲਿਆ ਹੈ। ਅਦਾਲਤ ਨੇ ਇਹ ਸੰਮਨ 2 ਜੂਨ ਲਈ ਜਾਰੀ ਕੀਤੇ ਹਨ।
ਸੀਬੀਆਈ ਨੇ ਸਿਸੋਦੀਆ ਨੂੰ ਬਣਾਇਆ ਮੁਲਜ਼ਮ
ਸੀਬੀਆਈ ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) , ਬੁਚੀ ਬਾਬੂ ਗੋਰਾਂਟਲਾ, ਅਰਜੁਨ ਪਾਂਡੇ ਅਤੇ ਅਮਨਦੀਪ ਢੱਲ ਨੂੰ ਮੁਲਜ਼ਮ ਬਣਾਇਆ ਹੈ। 25 ਅਪ੍ਰੈਲ ਨੂੰ ਸੀਬੀਆਈ ਨੇ ਰਾਊਸ ਐਵੇਨਿਊ ਕੋਰਟ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿੱਚ ਮਨੀਸ਼ ਸਿਸੋਦੀਆ ਸਮੇਤ ਚਾਰ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ।
ਸੀਬੀਆਈ ਨੇ ਕਿਹਾ ਸੀ ਕਿ ਮਨੀਸ਼ ਸਿਸੋਦੀਆ ਨੇ ਹੋਰ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਹਿਸਾਬ ਨਾਲ ਪਾਲਿਸੀ ਤਿਆਰ ਕੀਤੀ ਸੀ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਆਪਣੀ ਵਾਧੂ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਮਨੀਸ਼ ਸਿਸੋਦੀਆ ਜੀਓਐਮ ਦੀ ਵਿਵਾਦਪੂਰਨ ਰਿਪੋਰਟ ਤਿਆਰ ਕਰਨ ਦਾ ਮੁੱਖ ਆਰਕੀਟੈਕਟ ਸੀ, ਜਿਸ ਨੂੰ ਘੁਟਾਲੇ ਦੀ ਜੜ੍ਹ ਮੰਨਿਆ ਜਾਂਦਾ ਹੈ, ਉਨ੍ਹਾਂ ਕਿਹਾ ਕਿ ਇਹ ਸਭ ਮਨੀਸ਼ ਦੀ ਜਾਣਕਾਰੀ ਵਿੱਚ ਹੋਇਆ।
ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਮਨੀਸ਼ ਸਿਸੋਦੀਆ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋ ਫ਼ੋਨ ਨਸ਼ਟ ਕੀਤੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੀਸ਼ ਸਿਸੋਦੀਆ ਨੇ 01.01.20 ਤੋਂ 19.08.22 ਤੱਕ ਤਿੰਨ ਮੋਬਾਈਲ ਹੈਂਡਸੈੱਟਾਂ ਦੀ ਵਰਤੋਂ ਕੀਤੀ ਹੈ। 22.07.22 ਤੋਂ ਪਹਿਲਾਂ ਵਰਤੇ ਗਏ ਦੋ ਹੈਂਡਸੈੱਟ ਨਸ਼ਟ ਕਰ ਦਿੱਤੇ ਗਏ ਹਨ। ਮਨੀਸ਼ ਸਿਸੋਦੀਆ ਨੇ ਸੀਆਰਪੀਸੀ ਦੀ ਧਾਰਾ 91 ਦੇ ਤਹਿਤ ਨੋਟਿਸ ਦੇ ਆਪਣੇ ਜਵਾਬ ਵਿੱਚ ਪੁਸ਼ਟੀ ਕੀਤੀ।