ਚੰਡੀਗੜ੍ਹ, 11 ਜਨਵਰੀ 2023: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਜੇ ਵੀ ਉਜ਼ਬੇਕਿਸਤਾਨ (Uzbekistan) ਵਿੱਚ ਉਨ੍ਹਾਂ ਬੱਚਿਆਂ ਦੀ ਮੌਤ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦਾ ਖੰਘ ਵਾਲੀ ਦਵਾਈ ਪੀਤੀ ਸੀ। ਡਬਲਯੂਐਚਓ ਨੇ ਕਿਹਾ ਕਿ ਅਸੀਂ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਅਜੇ ਵੀ ਬੱਚਿਆਂ ਦੀ ਮੌਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਵਿੱਚ ਹਾਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ‘ਚ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਹੋ ਗਈ ਸੀ। ਉਜ਼ਬੇਕਿਸਤਾਨ ਦੀ ਸਰਕਾਰ ਨੇ ਬੱਚਿਆਂ ਦੀ ਮੌਤ ਲਈ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਵਾਈ ਕੰਪਨੀ ਮੈਰੀਅਨ ਬਾਇਓਟੈਕ ਦੁਆਰਾ ਨਿਰਮਿਤ ਡੌਕ-1 ਮੈਕਸ ਸੀਰਪ ਪੀਣ ਨਾਲ ਬੱਚਿਆਂ ਦੀ ਮੌਤ ਹੋ ਗਈ ਹੈ | ਫਾਰਮਾਸਿਊਟੀਕਲ ਕੰਪਨੀ ਸਾਲ 2012 ਵਿੱਚ ਉਜ਼ਬੇਕਿਸਤਾਨ ਦੇ ਬਾਜ਼ਾਰ ਵਿੱਚ ਦਾਖਲ ਹੋਈ ਸੀ। ਸੂਤਰਾਂ ਮੁਤਾਬਕ ਇਸ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਡੌਕ-1 ਮੈਕਸ ਸੀਰਪ ਫਿਲਹਾਲ ਭਾਰਤੀ ਬਾਜ਼ਾਰ ‘ਚ ਨਹੀਂ ਵਿਕ ਰਹੀ |
ਵਿਸ਼ਵ ਸਿਹਤ ਸੰਗਠਨ ਨੇ ਫਿਰ ਕਿਹਾ ਕਿ ਉਹ ਉਜ਼ਬੇਕਿਸਤਾਨ ਵਿੱਚ ਖੰਘ ਦੀ ਦਵਾਈ ਦਾ ਸੇਵਨ ਕਰਨ ਤੋਂ ਬਾਅਦ 18 ਬੱਚਿਆਂ ਦੀ ਮੌਤ ਦੀ ਹੋਰ ਜਾਂਚ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ। ਡਬਲਯੂਐਚਓ ਨੇ ਕਿਹਾ ਕਿ ਉਹ ਉਜ਼ਬੇਕਿਸਤਾਨ ਵਿੱਚ ਸਿਹਤ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ।