Jaat film

ਈਸਾਈ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਫਿਲਮ ‘ਜਾਟ’ ਦਾ ਵਿਵਾਦਾਂ ਸੀਨ ਹਟਾਇਆ, ਜਾਣੋ ਪੂਰਾ ਮਾਮਲਾ

ਜਲੰਧਰ, 18 ਅਪ੍ਰੈਲ 2025: ਅਦਾਕਾਰ ਸੰਨੀ ਦਿਓਲ ਦੀ 10 ਅਪ੍ਰੈਲ ਨੂੰ ਰਿਲੀਜ਼ ਹੋਈ ਨਵੀਂ ਫਿਲਮ ‘ਜਾਟ’ (Jaat film) ਵਿਵਾਦਾਂ ‘ਚ ਘਿਰ ਗਈ | ਈਸਾਈ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਲਮ ‘ਜਾਟ’ ਤੋਂ ਵਿਵਾਦਤ ਚਰਚ ਦਾ ਸੀਨ ਹਟਾ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਫੈਸਲਾ ਪੰਜਾਬ ਦੇ ਜਲੰਧਰ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਲਿਆ ਗਿਆ ਹੈ। ਦਰਅਸਲ, ਈਸਾਈ ਭਾਈਚਾਰੇ ਨੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਸਮੇਤ 5 ਜਣਿਆਂ ਵਿਰੁੱਧ ਐਫਆਈਆਰ ਦਰਜ ਕਰਵਾਈ ਸੀ। ਈਸਾਈ ਭਾਈਚਾਰੇ ਨੇ ਦੋਸ਼ ਲਗਾਇਆ ਕਿ ਫਿਲਮ ‘ਜਾਟ’ ‘ਚ ਚਰਚ ਦੇ ਦ੍ਰਿਸ਼ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਈਸਾਈ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਐਫਆਈਆਰ ਦਰਜ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਕੇਸ ਦਰਜ ਨਾ ਹੋਣ ‘ਤੇ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਸੀ। ਜਿਸਦੇ ਚੱਲਦੇ ਪੁਲਿਸ ਨੇ ਵੀਰਵਾਰ ਨੂੰ ਐਫਆਈਆਰ ਦਰਜ ਕਰ ਲਈ।

ਈਸਾਈ ਭਾਈਚਾਰੇ ਨੇ ਜਲੰਧਰ ‘ਚ ਵੀ ਰੋਸ ਪ੍ਰਦਰਸ਼ਨ ਕਰਦਿਆਂ ਫਿਲਮ(Jaat film) ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ‘ਚ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਕੇਸ ਦਰਜ ਕੀਤਾ ਸੀ।

ਈਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪ੍ਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਾਟ ਫਿਲਮ ‘ਚ ਰਣਦੀਪ ਹੁੱਡਾ ਨੇ ਯਿਸੂ ਮਸੀਹ ਅਤੇ ਸਾਡੇ ਧਰਮ ‘ਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਅਪਮਾਨ ਕੀਤਾ ਹੈ। ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਅਤੇ ਸਾਡੇ ਸ਼ਬਦ ‘ਆਮੀਨ’ ਦਾ ਅਪਮਾਨ ਕੀਤਾ ਹੈ।

Read More: Jaat Movie Collection: ਅਦਾਕਾਰ ਸੰਨੀ ਦਿਓਲ ਦੀ ‘ਗਦਰ 2’ ਦੇ ਮੁਕਾਬਲੇ ਫਿਲਮ ‘ਜਾਟ’ ਦੀ ਧੀਮੀ ਸ਼ੁਰੂਆਤ

Scroll to Top