ਕੀਰਤਪੁਰ ਸਾਹਿਬ 08 ਫਰਵਰੀ 2023: ਹਰਜੋਤ ਸਿੰਘ ਬੈਂਸ (Harjot SIngh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਸ਼ ਦੇ ਨੰਬਰ ਇੱਕ ਸਕੂਲ ਬਣਾਇਆ ਜਾਵੇਗਾ, ਜਿੱਥੇ ਸਿੱਖਿਆ ਦਾ ਪੱਧਰ ਮਜਬੂਤ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇਗਾ।
ਇਸ ਦੇ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਅਗਲੇ ਵਿੱਦਿਅਕ ਸੈਸ਼ਨ ਤੋਂ ਸਰਕਾਰੀ ਸਕੂਲਾਂ ਵਿੱਚ ਬਦਲੇ ਹੋਏ ਮਹੋਲ ਦੀ ਝਲਕ ਨਜ਼ਰ ਆਵੇਗੀ। ਵਿਦਿਆਰਥੀਆਂ ਦੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿੱਚ ਅੱਗੇ ਲਿਆਉਣ ਲਈ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਜਾ ਰਹੇ ਹਨ।
ਅੱਜ ਮੱਸੇਵਾਲ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲ ਮਾਡਲ ਅਤੇ ਕਾਨਵੈਂਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ। ਸਕੂਲ ਆਂਫ ਐਮੀਨੈਂਸ, ਬਿਜਨਸ ਬਲਾਸਟਰ,ਮਿਸ਼ਨ 100 ਪ੍ਰਤੀਸ਼ਤ ਵਰਗੇ ਪੰਜਾਬ ਸਰਕਾਰ ਵੱਲੋ ਚੁੱਕੇ ਫੈਸਲਿਆਂ ਦੀ ਹਰ ਵਰਗ ਵੱਲੋਂ ਸ਼ਲਾਘਾ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੋਪੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਥੋੜੇ ਸਮੇਂ ਦੀ ਜਿੰਮੇਵਾਰੀ ਦੌਰਾਨ ਇਹ ਅਨੁਭਵ ਕੀਤਾ ਹੈ ਕਿ ਜੇਕਰ ਸਕੂਲ ਦੇ ਮੁਖੀ ਅਤੇ ਸਟਾਫ ਬਿਹਤਰ ਕੰਮ ਕਰਨ ਤਾਂ ਸਰਕਾਰੀ ਸਕੂਲ ਦੀ ਨੁਹਾਰ ਬਹੁਤ ਜਲਦੀ ਬਦਲ ਸਕਦੀ ਹੈ।
ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਮਾਪਿਆਂ ਦੀ ਜਿੰਮੇਵਾਰੀ ਹੈ ਕਿ ਉਹ ਸਕੂਲ ਵਿੱਚ ਵਿਦਿਆਰਥੀ ਨੂੰ ਮਿਲਣ ਵਾਲੀ ਸਿੱਖਿਆ ਬਾਰੇ ਜਾਣਕਾਰੀ ਰੱਖਣ। ਪੀ.ਟੀ.ਐਮ ਵਿੱਚ ਆ ਕੇ ਅਧਿਆਪਕਾ ਨਾਲ ਵਿਦਿਆਰਥੀ ਬਾਰੇ ਵਿਚਾਰ ਵਟਾਦਰਾ ਕਰਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦਾ ਸਮਾਜ ਵਿੱਚ ਬਹੁਤ ਸਨਮਾਨ ਜਨਕ ਸਥਾਨ ਹੈ, ਉਹ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਿੱਚ ਸਭ ਤੋ ਵੱਡੀ ਭੂਮਿਕਾ ਨਿਭਾਉਦੇ ਹਨ, ਇਸ ਲਈ ਅਧਿਆਪਕਾਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਜਰੂਰਤ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣ ਦੀ ਜਰੂਰਤ ਹੈ, ਮਾਪਿਆਂ ਵੱਲੋ ਉਨ੍ਹਾਂ ਨੂੰ ਹਰ ਸੁਵਿਧਾ ਉਪਲੱਬਧ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਮਜਬੂਤ ਬੁਨਿਆਦੀ ਢਾਂਚਾ ਤੇ ਸਿੱਖਿਆ ਸੁਧਾਰਾ ਲਈ ਯਤਨ ਜਾਰੀ ਹਨ, ਦੇਸ਼ ਦਾ ਭਵਿੱਖ ਅੱਜ ਦੇ ਕਲਾਸਰੂਮ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਭ ਨੇ ਪੰਜਾਬ ਨੂੰ ਨੰਬਰ ਇੱਕ ਦਾ ਸੂਬਾ ਬਣਾਉਣਾ ਹੈ।
ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਮੱਸੇਵਾਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਸਮਾਗਮ ਪ੍ਰਿੰ.ਰਵਿੰਦਰ ਸਿੰਘ ਦੀ ਅਗਵਾਈ ਅਧੀਨ ਹੋਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ.ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ ਸ਼ਾਮਿਲ ਹੋਏ, ਜਿਨ੍ਹਾਂ ਦਾ ਸਵਾਗਤ ਸਕੂਲ਼ ਮੈਨੇਜਮੈਂਟ ਕਮੇਟੀ,ਪ੍ਰਿੰਸੀਪਲ ਅਤੇ ਸਟਾਫ ਵੱਲੋ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸਕੂਲ਼ ਦੇ ਵਿਦਿਆਰਥੀਆਂ ਵੱਲੋ ਇੱਕ ਧਾਰਮਿਕ ਪੇਸ਼ਕਸ਼ ਰਾਹੀਂ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋ ਵੱਖ ਵੱਖ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆ ਗਈਆਂ।
ਇਸ ਮਗਰੋਂ ਨਤੀਜਾ ਸੈਸ਼ਨ 2021-2022 ਦੋਰਾਨ 12ਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਤਰੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਰਵਿੰਦਰ ਸਿੰਘ ਵੱਲੋ ਸਿੱਖਿਆ ਮੰਤਰੀ ਨੂੰ ਸਕੂਲ਼ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਸਕੂਲ਼ ਵਿੱਚ ਸਾਇੰਸ ਸਟ੍ਰੀਮ ਦੀ ਮੰਗ ਰੱਖੀ ਜਿਸ ਤੇ ਸਿੱਖਿਆ ਮੰਤਰੀ ਵੱਲੋ ਜਲਦ ਹੀ ਮੰਗਾ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਮੰਤਰੀ ਵੱਲੋਂ ਸਕੂਲ਼ ਮੈਨੈਜਮੈਂਟ ਕਮੇਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਡਾ.ਜਰਨੈਲ ਸਿੰਘ ਦਬੂੜ, ਸਰਬਜੀਤ ਸਿੰਘ ਭਟੋਲੀ,ਕੇਸਰ ਸੰਧੂ, ਬਲਵੀਰ ਚੋਧਰੀ ਮਨਮੀਤ ਸਿੰਘ, ਵੀਰ ਚੰਦ, ਤਰਲੋਚਨ ਸਿੰਘ, ਦਰਸ਼ਨ ਸਿੰਘ, ਗੋਪਾਲ ਸਿੰਘ, ਜਸਵਿੰਦਰ ਸਿੰਘ, ਦੇਸ ਰਾਜ ਸ਼ਾਹ,ਸੁਰੇਸ਼ ਕੁਮਾਰ,ਕ੍ਰਿਪਾਲ ਸਿੰਘ, ਈਸ਼ਵਰ ਸਿੰਘ, ਜਸਵੀਰ ਸਿੰਘ, ਗੁਰਸੇਵਕ ਸਿੰਘ,ਮਦਨ ਨਾਲ, ਹਰਦਿਆਲ ਸਿੰਘ, ਹਰੀ ਰਾਮ, ਸੁੱਚਾ ਸਿੰਘ, ਜਰਨੈਲ ਸਿੰਘ, ਚਰਨਜੀਤ ਕੌਰ, ਭਾਗੋ ਦੇਵੀ,ਨੀਲਮ ਦੇਵੀ ਤੇ ਸਮੂਹ ਸਟਾਫ ਹਾਜਰ ਸੀ।