ਆਦਮਪੁਰ (ਜਲੰਧਰ), 17 ਮਈ 2023: ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਮੇ ਸਮੇਂ ਤੋਂ ਲਟਕ ਰਿਹਾ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ (Jalandhar-Adampur-Hoshiarpur Road) ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕਰਵਾਇਆ ਅਤੇ ਇਸ ਪ੍ਰਾਜੈਕਟ ਉਪਰ 13.74 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਲਈ ਅੱਜ ਦਾ ਦਿਨ ‘ਇਤਿਹਾਸਕ ਦਿਨ’ ਹੈ ਕਿਉਂਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਕਿਉਂਕਿ ਇਸ ਨਾਲ ਜਲੰਧਰ ਸ਼ਹਿਰ ਤੋਂ ਹੁਸ਼ਿਆਰਪੁਰ ਜਾਣ ਵਾਲੇ ਲੋਕਾਂ ਅਤੇ ਮਾਤਾ ਚਿੰਤਪੁਰਨੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਲਈ ਜਾਣ ਵਾਲਿਆਂ ਅਤੇ ਹੋਰ ਥਾਵਾਂ ਉਤੇ ਪਹੁੰਚਉਣ ਵਾਲੇ ਰਾਹਗੀਰਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਸ ਖੇਤਰ ਵਿੱਚ ਵਪਾਰ ਅਤੇ ਉਦਯੋਗ ਨੂੰ ਵੀ ਢੁਕਵਾਂ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਸੜਕ ਦਾ ਕੰਮ ਸ਼ੁਰੂ ਹੋਣਾ ਸੂਬਾ ਸਰਕਾਰ ਦੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਲੰਧਰ ਤੋਂ ਨਵੇਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਸਹੁੰ ਚੁੱਕਣਾ ਅਜੇ ਬਾਕੀ ਹੈ ਪਰ ਸੜਕ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੜਕ ਦਾ ਨਿਰਮਾਣ ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਆਪਣਾ ਵਾਅਦਾ ਪੂਰਾ ਕੀਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਸੜਕ ਦੇ ਨਿਰਮਾਣ ਲਈ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਸਮੇਂ ਉੱਚ ਗੁਣਵੱਤਾ ਦੇ ਮਿਆਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਵੀ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਰਹਿਣਗੇ ਤਾਂ ਜੋ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।