July 7, 2024 11:10 am
veterinary hospitals

ਮੋਹਾਲੀ ਦੇ ਪਿੰਡਾਂ ‘ਚ ਖੇਡ ਮੈਦਾਨ ਬਣਾਉਣ ਦਾ ਕੰਮ ਛੇਤੀ ਨੇਪਰੇ ਚਾੜ੍ਹਿਆ ਜਾਵੇ: ਵਧੀਕ ਡਿਪਟੀ ਕਮਿਸ਼ਨਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਫਰਵਰੀ 2024: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ’ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਜ਼ਿਲ੍ਹਾ (Mohali) ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਦੇ ਚੱਲ ਰਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਵਤੀਰਾ ਅਪਣਾਉਣ ਵਾਲੇ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਦਾ ਕੰਮ ਜਲਦ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ 143 ਖੇਡ ਮੈਦਾਨ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 37 ਬਣ ਗਏ ਹਨ ਤੇ 76 ਸਬੰਧੀ ਕੰਮ ਜਾਰੀ ਹੈ। ਇਹਨਾਂ ਕਾਰਜਾਂ ਉੱਤੇ ਹੁਣ ਤੱਕ ਕਰੀਬ 344 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।

ਇਸ ਦੇ ਨਾਲ ਨਾਲ ਵਧੀਕ ਡਿਪਟੀ ਕਮਿਸ਼ਨਰ ਨੇ ਐਮਪੀਲੈਡ ਤਹਿਤ ਬਕਾਇਆ ਪ੍ਰੋਜੈਕਟਾਂ ਨੂੰ ਫੌਰੀ ਸਿਰੇ ਚੜ੍ਹਾਉਣ ਦੇ ਨਿਰਦੇਸ਼ ਵੀ ਦਿੱਤੇ। ਸ਼੍ਰੀਮਤੀ ਚੌਧਰੀ ਨੇ ਪਖਾਨਿਆਂ, ਛਪੜਾਂ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ, ਨਜ਼ਾਇਜ ਕਬਜ਼ਿਆਂ ਨੂੰ ਛੁਡਵਾਉਣ, ਪਿੰਡਾਂ ਦੀ ਦਿੱਖ ਨੂੰ ਸੁਧਾਰਨ ਹਿੱਤ ਕੀਤੇ ਜਾਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।

ਪਿੰਡਾਂ ਵਿੱਚ ‘ਅੰਮ੍ਰਿਤ ਸਰੋਵਰ’ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (Mohali) ਨੇ ਕਿਹਾ ਕਿ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਹੇਠ ਮਗਨਰੇਗਾ ਵਰਕਰਾਂ ਤੋਂ ਵੱਧ ਤੋਂ ਵੱਧ ਵੱਖ ਵੱਖ ਕਾਰਜ ਕਰਵਾਏ ਜਾਣ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਮਗਨਰੇਗਾ ਦਿਹਾਤੀ ਖੇਤਰਾਂ ਵਿਚ ਨਾ ਕੇਵਲ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ ਸਗੋਂ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ।

ਉਹਨਾਂ ਨੇ ਮਗਨਰੇਗਾ ਤਹਿਤ ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕਰਨ, ਸਾਂਝਾ ਜਲ ਤਾਲਾਬ ਸਕੀਮ ਤਹਿਤ ਹੋਰ ਤਾਲਾਬ ਬਣਾਉਣ, ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ, ਛਪੜਾਂ ਨੂੰ ਸਾਫ਼ ਕਰਨ ਤੇ ਗਾਰ ਕੱਢਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਖੁਦ ਫੀਲਡ ਵਿਚ ਜਾ ਕੇ ਪ੍ਰੋਜ਼ੈਕਟਾਂ ਦੀ ਨਿਗਰਾਨੀ ਕਰਨ। ਪਿੰਡਾਂ ਦੀ ਸਾਫ ਸਫਾਈ ਅਹਿਮ ਮਕਸਦ ਹੈ, ਜਿਸ ਵਾਸਤੇ ਜ਼ਿਲ੍ਹੇ ਦੇ ਬੀ.ਡੀ.ਓਜ਼ ਖੁਦ ਨਿਰੀਖਣ ਕਰਨ ਤਾਂ ਜੋ ਪਿੰਡਾਂ ਨੂੰ ਮਾਡਲ ਪਿੰਡ ਦੇ ਰੂਪ ਵਿਚ ਬਦਲਿਆ ਜਾ ਸਕੇ। ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।