Laljit Singh Bhullar

300 ਖਤਰਨਾਕ ਕੈਦੀਆਂ ਨੂੰ ਰੱਖਣ ਲਈ ਉੱਚ ਸੁਰੱਖਿਆ ਜੇਲ੍ਹ ਦਾ ਨਿਰਮਾਣ ਪ੍ਰਗਤੀ ਅਧੀਨ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 27 ਦਸੰਬਰ 2024: ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਜੇਲ੍ਹ ਵਿਭਾਗ ਵੱਲੋਂ ਸਾਲ 2024 ਦੌਰਾਨ ਸੁਰੱਖਿਆ ਉਪਾਵਾਂ ਅਤੇ ਕੈਦੀਆਂ ਦੇ ਪੁਨਰਵਾਸ ਨੂੰ ਮਜ਼ਬੂਤ ​​ਕਰਨ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀਂ ਕੀਤੀ ਹੈ|

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ‘ਚ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਸੂਬਾ ਸਰਕਾਰ ਵੱਲੋਂ ਲੁਧਿਆਣਾ ਨੇੜੇ 50 ਏਕੜ ਰਕਬੇ ‘ਚ 100 ਕਰੋੜ ਰੁਪਏ ਦੀ ਲਾਗਤ ਨਾਲ ਉੱਚ ਸੁਰੱਖਿਆ ਵਾਲੀ ਜੇਲ੍ਹ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਜੇਲ੍ਹ ਦੇ ਮੁਕੰਮਲ ਹੋਣ ਤੋਂ ਬਾਅਦ ਇੱਥੇ 300 ਖਤਰਨਾਕ ਕੈਦੀਆਂ ਨੂੰ ਰੱਖਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਕਨਾਲੋਜੀ ਦੀ ਵਰਤੋਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਤਹਿਤ 8 ਕੇਂਦਰੀ ਜੇਲ੍ਹਾਂ ‘ਚ ਏ.ਆਈ. ਅਧਾਰਿਤ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਪਾਬੰਦੀਸ਼ੁਦਾ ਵਸਤੂਆਂ ਦੇ ਸੁੱਟੇ ਜਾਣ, ਕੰਧ ਕਰਾਸਿੰਗ ਅਤੇ ਅਣਅਧਿਕਾਰਤ ਮੋਬਾਈਲ ਦੀ ਵਰਤੋਂ ਦਾ ਪਤਾ ਲਗਾਇਆ ਜਾ ਸਕੇ |

ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ‘ਚ ਵੀ-ਕਵਚ ਜੈਮਰ ਨੂੰ ਸਫਲਤਾਪੂਰਵਕ ਲਾਗੂ ਕਰਨ ਤੋਂ ਬਾਅਦ ਇਸ ਨੂੰ 12 ਸੰਵੇਦਨਸ਼ੀਲ ਜੇਲ੍ਹਾਂ ‘ਚ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜੇਲ੍ਹ ‘ਚ ਸੁਰੱਖਿਆ ਲਈ ਸੀਆਰਪੀਐਫ ਦੀ ਇੱਕ ਵਾਧੂ ਕੰਪਨੀ ਵੀ ਤਾਇਨਾਤ ਕੀਤੀ ਹੈ।

ਜੇਲ੍ਹ ਮੰਤਰੀ (Laljit Singh Bhullar) ਨੇ ਦੱਸਿਆ ਕਿ ਮੋਬਾਈਲ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਣ ਦੇ ਨਾਲ-ਨਾਲ ਸੰਚਾਰ ਦੀਆਂ ਆਧੁਨਿਕ ਤਕਨੀਕਾਂ ਦੇ ਹਿੱਸੇ ਵਜੋਂ ਜੇਲ੍ਹਾਂ ‘ਚ 750 ਤੋਂ ਵੱਧ ਕਾਲਿੰਗ ਸਿਸਟਮ ਲਗਾਏ ਜਾ ਰਹੇ ਹਨ ਤਾਂ ਜੋ ਕੈਦੀ ਆਪਣੇ ਪਰਿਵਾਰਾਂ ਅਤੇ ਵਕੀਲਾਂ ਨਾਲ ਗੱਲਬਾਤ ਕਰ ਸਕਣ। ਉਨ੍ਹਾਂ ਕਿਹਾ ਕਿ ਵਿਭਾਗ ਸਾਰੀਆਂ 13 ਸੰਵੇਦਨਸ਼ੀਲ ਜੇਲ੍ਹਾਂ ਨੂੰ ਐਕਸ-ਰੇ ਬੈਗੇਜ ਸਕੈਨਰਾਂ ਨਾਲ ਲੈਸ ਕਰਨ ਦੀ ਪ੍ਰਕਿਰਿਆ, ਉੱਚ ਸੁਰੱਖਿਆ ਵਾਲੇ ਖੇਤਰਾਂ ‘ਚ ਸੀਸੀਟੀਵੀ ਕਵਰੇਜ ਲਗਾਉਣਾ ਵੀ ਸ਼ਾਮਲ ਹੈ, ਜਿੱਥੇ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਹੈ।

ਮੰਤਰੀ ਨੇ ਦੱਸਿਆ ਕਿ ਅਕਤੂਬਰ 2023 ਤੋਂ ਲਾਗੂ ਕੀਤੇ ਗਏ ਨਵੇਂ ਖੋਜ, ਵਿਸ਼ਲੇਸ਼ਣ ਅਤੇ ਇੰਟੈਲੀਜੈਂਸ ਵਿੰਗ ਦੁਆਰਾ ਖੁਫੀਆ-ਅਧਾਰਿਤ ਕਾਰਵਾਈਆਂ ਅਤੇ ਕੈਦੀਆਂ ਦੇ ਵਿਵਹਾਰ ਦੇ ਵਿਸ਼ਲੇਸ਼ਣ ਰਾਹੀਂ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ।

ਕੈਦੀਆਂ ਦੇ ਮੁੜ ਵਸੇਬੇ ਦੀਆਂ ਪਹਿਲਕਦਮੀਆਂ ਬਾਰੇ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ “ਸਿੱਖਿਆ ਦਾਤ ਪ੍ਰੋਜੈਕਟ” ਤਹਿਤ 2200 ਕੈਦੀ ਵਿੱਦਿਅਕ ਕੋਰਸ ਕਰਵਾ ਰਹੇ ਹਨ, ਜਦਕਿ 513 ਕੈਦੀ ਇਸ ਸਾਲ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਇਲੈਕਟ੍ਰੀਕਲ ਵਰਕ, ਪਲੰਬਿੰਗ ਅਤੇ ਟੇਲਰਿੰਗ ਸਮੇਤ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ‘ਚ ਰਜਿਸਟਰਡ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਨਾਭਾ ਅਤੇ ਫਾਜ਼ਿਲਕਾ ਵਿਖੇ ਦੋ ਨਵੇਂ ਪੈਟਰੋਲ ਪੰਪ ਸਥਾਪਿਤ ਕਰਕੇ ਆਪਣੇ ਵਪਾਰਕ ਪਹਿਲਕਦਮੀਆਂ ਦਾ ਵਿਸਥਾਰ ਕੀਤਾ ਹੈ ਅਤੇ ਇਸ ਸਮੇਂ ਪੈਟਰੋਲ ਪੰਪਾਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ।

ਕੈਬਨਿਟ ਮੰਤਰੀ ਨੇ ਸਟਾਫ਼ ਦੀਆਂ ਲੋੜਾਂ ਬਾਰੇ ਦੱਸਿਆ ਕਿ ਹਾਲ ਹੀ ‘ਚ 738 ਵਾਰਡਰਾਂ ਅਤੇ 25 ਮੈਟਰਨਾਂ ਦੀ ਭਰਤੀ ਕੀਤੀ ਹੈ ਅਤੇ 179 ਹੋਰ ਸੁਰੱਖਿਆ ਅਮਲੇ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਵੱਖ-ਵੱਖ ਕਾਡਰਾਂ ਦੀਆਂ 1220 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਸਬੰਧੀ ਛੇਤੀ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

Read More: ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਦੇ ਵਿਕਾਸ ‘ਚ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ: ਹਰਜੋਤ ਸਿੰਘ ਬੈਂਸ

Scroll to Top