ਬਿਹਾਰ

“ਬਿਹਾਰ ‘ਚ ਸਾਡੇ ਵੋਟਰਾਂ ਨੂੰ ਚੋਰੀ ਕਰਨ ਦੀ ਸਾਜ਼ਿਸ਼ਾਂ”, ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਲਾਇਆ ਦੋਸ਼

ਬਿਹਾਰ, 09 ਜੁਲਾਈ 2025: Bihar Band: ਵੋਟਰ ਸੂਚੀ ਸੋਧ ਮੁਹਿੰਮ ਦੇ ਵਿਰੋਧ ‘ਚ ਵਿਰੋਧੀ ਧਿਰ ਮਹਾਂਗਠਜੋੜ ਵੱਲੋਂ ਬਿਹਾਰ ਬੰਦ ਸੱਦੇ ਦਾ ਪ੍ਰਭਾਵ ਬਿਹਾਰ ਦੀਆਂ ਵੱਖ-ਵੱਖ ਥਾਵਾਂ ‘ਤੇ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਅਤੇ ਭਾਰਤੀ ਚੋਣ ਕਮਿਸ਼ਨ ‘ਤੇ ਤਿੱਖਾ ਹਮਲਾ ਕੀਤਾ ਹੈ। ਇੰਡੀਆ ਅਲਾਇੰਸ ਦੇ ਚੱਕਜਾਮ ‘ਚ ਵਿਰੋਧ ਪ੍ਰਦਰਸ਼ਨ ਕਰਨ ਲਈ ਪਟਨਾ ਆਏ ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਦਿੱਤਾ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮਹਾਰਾਸ਼ਟਰ ਵਾਂਗ ਬਿਹਾਰ ਚੋਣਾਂ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਗਰੀਬਾਂ ਦੇ ਹੱਕ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਬਿਹਾਰ ਦੇ ਲੋਕਾਂ ਦਾ ਭਵਿੱਖ ਬਰਬਾਦ ਨਹੀਂ ਹੋਣ ਦੇਵਾਂਗੇ। ਇੰਡੀਆ ਅਲਾਇੰਸ ਬਿਹਾਰ ਦੇ ਲੋਕਾਂ ਦੇ ਨਾਲ ਖੜ੍ਹਾ ਹੈ।

ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਇੰਡੀਆ ਅਲਾਇੰਸ ਮਹਾਰਾਸ਼ਟਰ ‘ਚ ਜਿੱਤਿਆ, ਜਦੋਂ ਕਿ ਇੰਡੀਆ ਅਲਾਇੰਸ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਿਆ। ਉਸ ਸਮੇਂ ਅਸੀਂ ਕੁਝ ਨਹੀਂ ਕਿਹਾ, ਪਰ ਇਸ ਗੰਭੀਰ ਮੁੱਦੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਜਾਂਚ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਵਿਧਾਨ ਸਭਾ ਚੋਣਾਂ ‘ਚ ਲੋਕ ਸਭਾ ਨਾਲੋਂ ਵੱਧ ਵੋਟਰਾਂ ਨੇ ਵੋਟ ਪਾਈ। ਹੈਰਾਨੀ ਦੀ ਗੱਲ ਹੈ ਕਿ ਇੱਕ ਕਰੋੜ ਵੋਟਾਂ ਵਧ ਗਈਆਂ। ਇੱਕ ਦਿਨ ‘ਚ ਚਾਰ ਤੋਂ ਪੰਜ ਹਜ਼ਾਰ ਵੋਟਾਂ ਦਰਜ ਕੀਤੀਆਂ ਗਈਆਂ ਅਤੇ ਗਰੀਬਾਂ ਦੀਆਂ ਵੋਟਾਂ ਕੱਟੀਆਂ ਗਈਆਂ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਚੋਣ ਕਮਿਸ਼ਨ ਨੂੰ ਵੋਟਰ ਸੂਚੀ ਦੇਣ ਲਈ ਕਿਹਾ, ਤਾਂ ਚੋਣ ਕਮਿਸ਼ਨ ਨੇ ਇੱਕ ਸ਼ਬਦ ਵੀ ਨਹੀਂ ਕਿਹਾ। ਅਸੀਂ ਚੋਣ ਕਮਿਸ਼ਨ ਨੂੰ ਦੱਸਿਆ ਕਿ ਕਾਨੂੰਨ ਕਹਿੰਦਾ ਹੈ ਕਿ ਸਾਨੂੰ ਵੋਟਰ ਸੂਚੀ ਦਿੱਤੀ ਜਾਵੇ, ਪਰ ਅੱਜ ਤੱਕ ਸਾਨੂੰ ਮਹਾਰਾਸ਼ਟਰ ਦੀ ਵੋਟਰ ਸੂਚੀ ਨਹੀਂ ਮਿਲੀ। ਉਹ ਸੱਚਾਈ ਨੂੰ ਛੁਪਾਉਣਾ ਚਾਹੁੰਦੇ ਹਨ। ਉਹ ਬਿਹਾਰ ‘ਚ ਵੀ ਇਹੀ ਖੇਡ ਖੇਡਣਾ ਚਾਹੁੰਦੇ ਹਨ। ਮੈਂ ਬਿਹਾਰ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਜਿਵੇਂ ਮਹਾਰਾਸ਼ਟਰ ਚੋਣ ਚੋਰੀ ਹੋਈ ਸੀ, ਉਸੇ ਤਰ੍ਹਾਂ ਬਿਹਾਰ ਚੋਣ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗਰੀਬਾਂ ਦੀਆਂ ਵੋਟਾਂ ਖੋਹਣ ਦਾ ਇੱਕ ਤਰੀਕਾ ਹੈ। ਉਹ ਨਹੀਂ ਜਾਣਦੇ ਕਿ ਇਹ ਬਿਹਾਰ ਹੈ, ਬਿਹਾਰ ਦੇ ਲੋਕ ਆਪਣੇ ਹੱਕ ਖੋਹਣ ਨਹੀਂ ਦੇਣਗੇ। ਬਿਹਾਰ ਦੇ ਲੋਕ ਡਰਨ ਵਾਲੇ ਨਹੀਂ ਹਨ।

Read More: Bihar Band: ਬਿਹਾਰ ਬੰਦ ਦਾ ਕਈਂ ਥਾਵਾਂ ‘ਤੇ ਅਸਰ, ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਰਾਹੁਲ ਗਾਂਧੀ

Scroll to Top