ਸਮਰਾਲਾ, 12 ਅਗਸਤ 2023: ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ (MLA Jagtar Singh Dayalpura) ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾਈ ਜਿਸ ਨੇ ਸਿਆਸਤ ਵਿਚ ਹਲਚਲ ਮਚਾ ਦਿੱਤੀ। ਹਾਲਾਂਕਿ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਪੋਸਟ ਡਿਲੀਟ ਕਰ ਦਿੱਤੀ | ਵਿਧਾਇਕ ਨੇ ਪੋਸਟ ਪਾਉਂਦਿਆਂ ਕਿਹਾ ਕਿ ਉਸ ਦੇ ਵਿਰੋਧੀ ਸਿਆਸੀ ਧਨਾਢ ਵਧਦੀ ਹਰਮਨ ਪਿਆਰਤਾ ਨੂੰ ਦੇਖਦਿਆਂ ਬੁਖਲਾਹਟ ਵਿਚ ਆ ਕੇ ਜਾਨੋ ਮਾਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ।
ਵਿਧਾਇਕ ਨੇ ਪੋਸਟ ’ਚ ਕਿਹਾ ਕਿ ‘ਮੈਂ ਆਮ ਲੋਕਾਂ ਦਾ ਐੱਮਐੱਲਏ ਹਾਂ ਅਤੇ ਆਮ ਕਿਸਾਨ ਪਰਿਵਾਰ ’ਚੋਂ ਹਾਂ। ਲੋਕਾਂ ਨੇ ਮੈਨੂੰ ਵੱਡੇ ਧਨਾਢਾਂ ਨੂੰ ਹਰਾ ਕੇ ਐਨਾ ਮਾਣ ਬਖ਼ਸ਼ਿਆ, ਮੇਰੀ ਹਰਮਨ ਪਿਆਰਤਾ ਨੇ ਇਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਵਿਧਾਇਕ ਨੇ ਲਿਖਿਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਜਿਹੜੇ ਹਲਕੇ ਦੇ ਠੇਕੇਦਾਰ ਹਨ, ਮੈਂ ਇਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਨਾ ਮੈਂ ਡਰਦਾ ਹਾਂ ਤੇ ਨਾ ਦਬਦਾ ਹਾਂ। ਇਹ ਜਿਹੜੇ ਚੌਧਰੀ ਬਣੇ ਫਿਰਦੇ ਹਨ ਅਤੇ ਇਹ ਕਹਿੰਦੇ ਹਨ ਕਿ ਤੇਰੇ ’ਤੇ ਕਰੋੜਾਂ ਰੁਪਏ ਲਗਾ ਕੇ ਤੈਨੂੰ ਖੂੰਝੇ ਲਗਾ ਦੇਵਾਂਗੇ ਜਾਂ ਕਿਸੇ ਯੂ.ਪੀ., ਬਿਹਾਰ ਦੇ ਗੁਰਗੇ ਤੋਂ ਟਰੱਕ ਚੜਵਾ ਦੇਵਾਂਗੇ ।
ਵਿਧਾਇਕ (MLA Jagtar Singh Dayalpura) ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਆਪਣੇ 25 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੀ ਸੇਵਾ ਕੀਤੀ ਹੁੰਦੀ ਤਾਂ ਤੁਹਾਨੂੰ ਐਨੀ ਘਟੀਆ ਰਾਜਨੀਤੀ ਨਾ ਕਰਨੀ ਪੈਂਦੀ। ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਮ ਕਿਸਾਨ ਦਾ ਮੁੱਲ ਕਰੋੜਾਂ ਪਾ ਦਿੱਤਾ, ਤੁਸੀਂ ਆਪਣਾ ਲੰਮਾਂ ਕਾਰਜਕਾਲ ਦੇਖ ਲਵੋ ਅਤੇ ਮੇਰਾ 17 ਮਹੀਨੇ ਦਾ। ਮੈਂ ਜੋ ਵੀ ਹਾਂ ਆਪਣੇ ਲੋਕਾਂ ਲਈ ਹਾਂ ਅਤੇ ਹਰ ਵੇਲੇ ਹਾਜ਼ਰ ਹਾਂ’।
ਜਦੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਸਬੰਧੀ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸਦੇ ਵਿਰੋਧੀ ਸਿਆਸੀ ਧਨਾਢ ਮੇਰੇ ਹਲਕੇ ਪ੍ਰਤੀ ਕੀਤੇ ਕੰਮਾਂ ਨੂੰ ਦੇਖ ਕੇ ਬੁਖਲਾਹਟ ਵਿਚ ਆਏ ਹੋਏ ਹਨ ਅਤੇ ਉਸ ਨੂੰ ਮਾਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਵਿਧਾਇਕ ਨੇ ਸਪੱਸ਼ਟ ਤੌਰ ’ਤੇ ਤਾਂ ਕਿਸੇ ਰਾਜਸ਼ੀ ਪਾਰਟੀ ਦੇ ਆਗੂ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੌਣ ਸਾਜਿਸ਼ਾਂ ਰਚ ਰਿਹਾ ਹੈ।