July 5, 2024 1:00 am
City Bus Service

ਐਸ.ਏ.ਐਸ.ਨਗਰ ‘ਚ ਸਿਟੀ ਬੱਸ ਸੇਵਾ ਸ਼ੁਰੂ ਕਰਨ ’ਤੇ ਕੀਤਾ ਜਾ ਰਿਹੈ ਵਿਚਾਰ: DC ਆਸ਼ਿਕਾ ਜੈਨ

ਐਸ.ਏ.ਐਸ.ਨਗਰ, 22 ਜੂਨ, 2023: ਐਸ.ਏ.ਐਸ.ਨਗਰ ਸ਼ਹਿਰ ਦੀਆਂ ਸੜ੍ਹਕਾਂ ’ਤੇ ਪ੍ਰਦੂਸ਼ਣ ਅਤੇ ਟ੍ਰੈਫਿਕ ਘਟਾਉਣ ਲਈ ਸਿਟੀ ਬੱਸ ਸੇਵਾ (City Bus Service) ਸ਼ੁਰੂ ਕਰਨ ’ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਦੀ ਸਫ਼ਲਤਾ/ ਸੰਭਾਵਨਾ ਦਾ ਪਤਾ ਲਾਉਣ ਲਈ ਸਰਵੇਖਣ ਕੀਤਾ ਜਾ ਰਿਹਾ ਹੈ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਿਟੀ ਬੱਸ ਸੇਵਾ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਸੇਵਾ ਵਿੱਚ ਲਾਇਆ ਜਾਵੇਗਾ। ਮੁਢਲੇ ਤੌਰ ’ਤੇ 10 ਰੂਟਾਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਦਾ ਸਰਵੇਖਣ ਜਾਰੀ ਹੈ।

ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਹਾਦਸਿਆਂ ਦੀਆਂ ਸਭਾਵਨਾਵਾਂ ਨੂੰ ਘਟਾਉਣ ਲਈ ਬਲੈਕ ਸਪਾਟਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਗਮਾਡਾ ਅਤੇ ਨੈਸ਼ਨਲ ਹਾਈਵੇ ਨੂੰ ਇਨ੍ਹਾਂ ਦੀ ਮੌਜੂਦਾ ਗਿਣਤੀ 37 ਤੋਂ ਘਟਾ ਕੇ ਜ਼ੀਰੋ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਹਿਲਾਂ ਬਲੈਕ ਸਪਾਟਸ ਦੀ ਗਿਣਤੀ 80 ਸੀ ਅਤੇ ਅਸੀਂ ਇਸਨੂੰ ਜ਼ੀਰੋ ’ਤੇ ਲਿਆਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ।

ਸਕੂਲ ਵੈਨਾਂ ਦੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਬਾਅਦ ਵਿੱਦਿਅਕ ਸੰਸਥਾਵਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ

ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਏਅਰੋ ਸਿਟੀ ਰੋਡ ’ਤੇ ਸੜ੍ਕ ਹਾਦਸਿਆਂ ਨੂੰ ਘੱਟ ਕਰਨ ਲਈ ਸਪੀਡ ਟੇਬਲ ਦੀ ਲੋੜ ਵਾਲੇ ਚੌਰਾਹਿਆਂ (ਇੰਟਰ ਸੈਕਸ਼ਨਾਂ) ਦਾ ਸਰਵੇ ਕਰਨ ਲਈ ਕਿਹਾ ਗਿਆ। ਸਪੀਡ ਟੇਬਲ ਲਗਾਉਣ ਦਾ ਕੰਮ ਮਿਉਂਸਪਲ ਕਾਰਪੋਰੇਸ਼ਨ/ਨੈਸ਼ਨਲ ਹਾਈਵੇਅ ਦੁਆਰਾ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਸੜ੍ਹਕ ਦੁਰਘਟਨਾਵਾਂ ਨੂੰ ਰੋਕਣ ਲਈ ਜਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸੜ੍ਹਕਾਂ ਤੇ ਬਲੈਕ ਸਪੋਟਾਂ (ਦੁਰਘਟਨਾਵਾਂ ਵਾਲੀਆ ਥਾਵਾਂ) ਨੂੰ ਸਹੀ ਕਰਨ ਲਈ ਐਨ.ਐਚ.ਏ.ਆਈ, ਗਮਾਡਾ, ਬੀ ਐਂਡ ਆਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇੱਕ ਮਹੀਨੇ ਦੀ ਮੋਹਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਰੋਡ ਸੇਫਟੀ ਉਪਕਰਣਾਂ ਦੀ ਖਰੀਦ ਕਰਨ ਲਈ ਵੀ ਅਧਿਕਾਰਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਾਰਣ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐੱਸ.ਡੀ.ਐੱਮ. ਮੋਹਾਲੀ ਸਰਬਜੀਤ ਕੌਰ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਸਕੱਤਰ, ਆਰ ਟੀ ਏ ਪ੍ਰਦੀਪ ਸਿੰਘ ਢਿੱਲੋਂ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।