July 7, 2024 4:59 pm
Partap Bajwa

ਕਾਂਗਰਸ ਜਮਹੂਰੀ ਸੰਸਥਾਵਾਂ ਦੀ ਰਾਖੀ ਲਈ ਲੜਦੀ ਰਹੇਗੀ: ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 01 ਜੂਨ 2023: ਪੰਜਾਬ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕਾਂਗਰਸ ਪ੍ਰੈੱਸ ਦੀ ਆਜ਼ਾਦੀ ਸਮੇਤ ਸੂਬੇ ਵਿੱਚ ਜਮਹੂਰੀ ਸੰਸਥਾ ਦੀ ਰਾਖੀ ਲਈ ਹਮੇਸ਼ਾ ਡਟ ਕੇ ਖੜੀ ਰਹੇਗੀ।’ਸੀਨੀਅਰ ਕਾਂਗਰਸੀ ਆਗੂ ਬਾਜਵਾ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖ਼ਬਾਰ ਅਜੀਤ ਦੇ ਮੈਨੇਜਿੰਗ ਐਡੀਟਰ ਡਾ ਬਰਜਿੰਦਰ ਸਿੰਘ ਹਮਦਰਦ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਜਲੰਧਰ ਦੇ ਅਜੀਤ ਅਖ਼ਬਾਰ ਦੇ ਦਫ਼ਤਰ ਵਿਖੇ ਇਕੱਠੇ ਹੋਏ। ਕਾਂਗਰਸ ਆਗੂਆਂ ਨੇ ਡਾ ਹਮਦਰਦ ਨਾਲ ਆਪ’ ਸਰਕਾਰ ਦੇ ਇਸ਼ਾਰੇ ‘ਤੇ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਮਦਰਦੀ ਪਰਗਟ ਕੀਤੀ।

ਬਾਜਵਾ (Partap Singh Bajwa) ਨੇ ਅੱਗੇ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਅਕਤੀਆਂ, ਮੀਡੀਆ ਸੰਸਥਾਵਾਂ ਅਤੇ ਕਾਂਗਰਸ ਪਾਰਟੀ ਵਰਗੀਆਂ ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ‘ਤੇ ਤੁਲੀ ਹੋਈ ਹੈ ਜੋ ‘ਆਪ’ ਸਰਕਾਰ ਨੂੰ ਉਸ ਦੀਆਂ ਗ਼ਲਤ ਨੀਤੀਆਂ ਅਤੇ ਬੇਨਿਯਮੀਆਂ ਬਾਰੇ ਚੁਨੌਤੀ ਦੇ ਰਹੀਆਂ ਹਨ।”

ਇੱਕ ਬਿਆਨ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਜੀਤ ਅਖ਼ਬਾਰ ਸਰਕਾਰ ਦੇ ਕੰਮਕਾਜ ਵਿਚਲੀਆਂ ਕਮੀਆਂ ਨੂੰ ਉਜਾਗਰ ਕਰ ਕੇ ਆਪਣੀਆਂ ਮੀਡੀਆ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾ ਰਿਹਾ ਹੈ। ਪਰ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਬੌਧਿਕ ਤੌਰ ‘ਤੇ ਕੰਗਾਲ ਹੋ ਚੁੱਕੇ ਮੰਤਰੀ ਮੰਡਲ ਦੇ ਸਾਥੀਆਂ ਨੇ ਆਪਣੇ ਤੌਰ-ਤਰੀਕਿਆਂ ਨੂੰ ਸੋਧਣ ਦੀ ਬਜਾਏ ਅਖ਼ਬਾਰ ਵਿਰੁੱਧ ਬਦਲੇ ਦੀ ਭਾਵਨਾ ਨਾਲ ਹਮਲੇ ਸ਼ੁਰੂ ਕਰ ਦਿੱਤੇ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।

“ਆਪ’ ਸਰਕਾਰ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਵਰਗੇ ਸਰਕਾਰੀ ਤੰਤਰ ਦੀ ਦੁਰਵਰਤੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕਰ ਰਹੀ ਹੈ। ਸਰਕਾਰ ਸਾਰੇ ਕਾਂਗਰਸੀ ਆਗੂਆਂ – ਕਾਂਗਰਸ ਦੇ ਸਮਰਥਕ ਪਿੰਡ ਦੇ ਸਰਪੰਚ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ – ਨੂੰ ਗ਼ੈਰਕਾਨੂੰਨੀ ਢੰਗ ਨਾਲ ਨਿਸ਼ਾਨਾ ਬਣਾ ਰਹੀ ਹੈ। ਮੈਂ ‘ਆਪ’ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਡਰੇਗੀ ਨਹੀਂ ਅਤੇ ਤਰਕਪੂਰਨ ਅੰਤ ਤੱਕ ‘ਆਪ’ ਦੇ ਜ਼ਾਲਮ ਰੁਖ਼ ਨਾਲ ਲੜਨ ਲਈ ਵਚਨਬੱਧ ਹੈ।”