ਚੰਡੀਗੜ੍ਹ, 03 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਰਾਜ ਸਭਾ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਹੈ | ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਭਾਜਪਾ ਸਰਕਾਰ ‘ਤੇ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾ ਰਹੀ ਹੈ |
ਉਨ੍ਹਾਂ ਕਿਹਾ ਕਿ ਵਿਰੋਧ ਧਿਰ ਪਹਿਲਾਂ ਕਹਿੰਦਾ ਸੀ ਕਿ ਤੁਸੀਂ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ, ਜਦੋਂ ਭ੍ਰਿਸ਼ਟਾਚਾਰੀ ਜੇਲ੍ਹ ਜਾ ਰਹਿ ਹਨ ਹੁਣ ਇਸਦਾ ਵਿਰੋਧ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪ੍ਰੈਸ ਵਾਰਤਾ ਕਰਕੇ ‘ਆਪ’ ਦੇ ਘਪਲੇ ਗਿਣਾਏ ਸਨ |
ਉਨ੍ਹਾਂ (PM Modi) ਕਿਹਾ ਕਿ “ਸ਼ਰਾਬ ਘਪਲਾ ਕਰੇ ‘ਆਪ’, ਭ੍ਰਿਸ਼ਟਾਚਾਰ ਕਰੇ ‘ਆਪ’ ਪਾਣੀ ਘਪਲਾ ਕਰੇ ‘ਆਪ’, ਬੱਚਿਆਂ ਦੇ ਕਲਾਸ ਰੂਮ ਬਣਾਉਣ ‘ਚ ਘਪਲਾ ਕਰੇ ‘ਆਪ’ ਫਿਰ ‘ਆਪ’ ਦੀ ਸ਼ਿਕਾਇਤ ਕਰੇ ਕਾਂਗਰਸ” ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਆਪ’ ਨੂੰ ਅਦਾਲਤ ਤੱਕ ਘਸੀਟਿਆ | ਪਰ ਕਾਰਵਾਈ ਹੋਵੇ ਤਾਂ ਮੋਦੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
ਪੀਐਮ ਮੋਦੀ ਨੇ ਕਿਹਾ ਕਿ ਹੁਣ ‘ਆਪ’ ਅਤੇ ਕਾਂਗਰਸ ਭਾਈਵਾਲ ਬਣ ਗਏ ਹਨ। ਉਨ੍ਹਾਂ ਕਿਹਾ ‘ਆਪ’ ‘ਚ ਹਿੰਮਤ ਹੈ ਤਾਂ ਕਾਂਗਰਸ ਪਾਰਟੀ ਤੋਂ ਜਵਾਬ ਮੰਗਣ । ਕਾਂਗਰਸ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕੀ ‘ਆਪ’ ਦੇ ਘਪਲਿਆਂ ਦੇ ਸਾਰੇ ਸਬੂਤ ਜੋ ਇਸ ਨੇ ਆਪਣੀ ਪ੍ਰੈਸ ਕਾਨਫਰੰਸ ‘ਚ ਦੇਸ਼ ਸਾਹਮਣੇ ਪੇਸ਼ ਕੀਤੇ ਸਨ, ਉਹ ਸੱਚ ਸਨ ਜਾਂ ਝੂਠ ?