ਅੰਮ੍ਰਿਤਸਰ 22 ਜੁਲਾਈ 2024: ਅੰਮ੍ਰਿਤਸਰ ‘ਚ ਕਾਂਗਰਸ ਆਗੂਆਂ ਨੇ ਸ਼ਹਿਰ ‘ਚ ਖੁੱਲ੍ਹੇਆਮ ਪੋਲੀਥੀਨ (Polythene) ਦੀ ਵਰਤੋਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਐਡਵੋਕੇਟ ਗਗਨ ਭਾਟੀਆ ਦੀ ਅਗਵਾਈ ‘ਚ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਹਿਰ ‘ਚ ਪੋਲੀਥੀਨ ਦੀ ਖੁੱਲ੍ਹੇਆਮ ਵਰਤੋਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੋਲੀਥੀਨ ਬੈਗ ਕੰਟਰੋਲ ਐਕਟ 2011 ਤਹਿਤ ਸ਼ਹਿਰ ‘ਚ ਪੋਲੀਥੀਨ ਬੈਗ ਬਣਾਉਣ ਅਤੇ ਇਸ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਐਕਟ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਮੰਗ ਪੱਤਰ ਦੇਣ ਤੋਂ ਬਾਅਦ ਗਗਨ ਭਾਟੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਈ 2011 ‘ਚ ਪੰਜਾਬ ਪੋਲੀਥੀਨ ਬੈਗ ਕੰਟਰੋਲ ਐਕਟ ਲਾਗੂ ਕੀਤਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤਤਕਾਲੀ ਚੇਅਰਮੈਨ ਰਿਟਾਇਰਡ ਜਸਟਿਸ ਸਵਤੰਤਰ ਕੁਮਾਰ ਨੇ ਇਸ ਐਕਟ ਨੂੰ ਲਾਗੂ ਕਰਨ ਦੀ ਪ੍ਰੇਰਨਾ ਦਿੱਤੀ ਸੀ। ਮਹਾਨਗਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਨੂੰ ਇਸ ਐਕਟ ਨੂੰ ਲਾਗੂ ਕਰਨ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਸਨ। ਪਰ ਅੰਮ੍ਰਿਤਸਰ ਵਿੱਚ ਅਜੇ ਵੀ ਲੋਕ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਕੇ ਪੋਲੀਥੀਨ ਬੈਗਾਂ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਨਗਰ ਨਿਗਮ ਨੇ ਵੀ ਕਈ ਵਾਰ ਇਹ ਐਕਟ ਲਾਗੂ ਕੀਤਾ ਪਰ ਪੋਲੀਥੀਨ ਮਾਫ਼ੀਆ ਨੇ ਹਮੇਸ਼ਾ ਹੀ ਪੋਲੀਥੀਨ ਵਿਰੋਧੀ ਮੁਹਿੰਮ ਨੂੰ ਰੋਕਣ ਲਈ ਆਪਣਾ ਪ੍ਰਭਾਵ ਵਰਤਿਆ। ਇਸ ਮਸਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ |
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੇ ਉੱਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਟਰੈਫਿਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਸ਼ਹਿਰ ‘ਚ ਨਾਕਾਬੰਦੀ ਕੀਤੀ ਗਈ ਹੈ | ਉਹਨਾਂ ਕਿਹਾ ਕਿ ਇਸਦੇ ਨਾਲ ਸੀਵਰੇਜ ਜਾਮ ਦੀ ਸਮੱਸਿਆ ਵੀ ਆਉਂਦੀ ਹਨ | ਉਹਨਾਂ ਕਿਹਾ ਕਿ ਇਸ ਦੀ ਰੋਕਥਾਮ ਬਹੁਤ ਜਰੂਰੀ ਹੈ। ਇਸ ਉੱਤੇ ਛੇਤੀ ਹੀ ਟੀਮਾਂ ਬਣਾ ਕੇ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਉਹਨਾਂ ਕਿਹਾ ਕਿ ਜੋ ਦੁਕਾਨਦਾਰਾਂ ਪੋਲੀਥੀਨ (Polythene) ਬੈਗ ਦੀ ਵਰਤੋਂ ਜਾਂ ਲਿਫਾਫੇ ਦੀ ਵਰਤੋਂ ਕਰਦਾ ਪਾਇਆ ਗਿਆ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪਹਿਲਾਂ ਇਹਨਾਂ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ |