ਚੰਡੀਗੜ੍ਹ 22 ਮਾਰਚ 2022: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਅੱਜ ਯਾਨੀ ਮੰਗਲਵਾਰ ਨੂੰ ‘ਜੀ 23’ ਸਮੂਹ ਦੇ ਕੁਝ ਹੋਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਰਾਜ ਸਭਾ ‘ਚ ਕਾਂਗਰਸ ਦੇ ਉੱਪ ਨੇਤਾ ਆਨੰਦ ਸ਼ਰਮਾ ਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ’10 ਜਨਪਥ’ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਗੁਲਾਮ ਨਬੀ ਆਜ਼ਾਦ ਨੇ ਵੀ ਸਮੂਹ ਦੇ ਕੁਝ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ । ਸੂਤਰਾਂ ਦੇ ਮੁਤਾਬਕ ਕਾਂਗਰਸ ਲੀਡਰਸ਼ਿਪ ‘ਜੀ 23’ ਦਾ ਪੱਖ ਸੁਣ ਕੇ ਮਤਭੇਦਾਂ ਨੂੰ ਦੂਰ ਕਰ ਕੇ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਬਾਰੇ ਗੱਲਬਾਤ ਹੋਈ।
ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ‘ਜੀ 23’ ਦੇ ਪ੍ਰਮੁੱਖ ਮੈਂਬਰ ਆਜ਼ਾਦ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਫਿਲਹਾਲ ਅਗਵਾਈ ਤਬਦੀਲੀ ਦਾ ਕੋਈ ਮੁੱਦਾ ਨਹੀਂ ਹੈ ਅਤੇ ਉਨ੍ਹਾਂ ਨੇ ਸਿਰਫ਼ ਸੰਗਠਨ ਨੂੰ ਮਜ਼ਬੂਤ ਬਣਾਉਣ ਅਤੇ ਅੱਗੇ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਪਣੇ ਸੁਝਾਅ ਦਿੱਤੇ। ਆਜ਼ਾਦ ਦਾ ਇਹ ਬਿਆਨ ਇਸ ਮਾਇਨੇ ‘ਚ ਅਹਿਮ ਸੀ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ‘ਜੀ 23’ ਦੇ ਉਨ੍ਹਾਂ ਦੇ ਸਾਥੀ ਕਪਿਲ ਸਿੱਬਲ ਨੇ ਇਕ ਇੰਟਰਵਿਊ ‘ਚ ਖੁੱਲ੍ਹ ਕੇ ਕਿਹਾ ਸੀ ਕਿ ਗਾਂਧੀ ਪਰਿਵਾਰ ਨੂੰ ਅਗਵਾਈ ਛੱਡ ਦੇਣੀ ਚਾਹੀਦੀ ਹੈ ਅਤੇ ਕਿਸੇ ਹੋਰ ਨੇਤਾ ਨੂੰ ਮੌਕਾ ਦੇਣਾ ਚਾਹੀਦਾ।” ‘ਜੀ 23’ ਸਮੂਹ ਪਾਰਟੀ ‘ਚ ਸੰਗਠਨਾਤਮਕ ਤਬਦੀਲੀ ਅਤੇ ਸਮੂਹਕ ਅਗਵਾਈ ਦੀ ਮੰਗ ਕਰ ਰਿਹਾ ਹੈ।