ਜਾਅਲੀ ਵੋਟਾਂ

2019 ‘ਚ ਕਾਂਗਰਸ ਜਾਅਲੀ ਵੋਟਾਂ ਕਾਰਨ ਹਾਰੀ: ਮੱਲਿਕਾਰਜੁਨ ਖੜਗੇ

ਬੰਗਲੌਰ, 08 ਅਗਸਤ 2025: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਬੰਗਲੌਰ ਦੇ ਫ੍ਰੀਡਮ ਪਾਰਕ ਵਿਖੇ ਕਰਵਾਈ ਵੋਟ ਅਧਿਕਾਰ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ‘ਤੇ ਵੋਟ ਚੋਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵੀ ਜਾਅਲੀ ਵੋਟਾਂ ਕਾਰਨ ਹਾਰੀਆਂ ਸਨ।

ਖੜਗੇ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਚੋਰਾਂ ਦੀ ਸਰਕਾਰ ਹੈ। ਇਹ ਜਾਅਲੀ ਵੋਟਾਂ ਨਾਲ ਦੇਸ਼ ਨੂੰ ਰਵਾ ਰਹੀ ਹੈ। ਮੈਂ 2019 ‘ਚ ਕਿਹਾ ਸੀ ਕਿ ਕਾਂਗਰਸ ਜਾਅਲੀ ਵੋਟਾਂ ਕਾਰਨ ਹਾਰੀ। ਹੁਣ ਉਹ ਗੱਲ ਸੱਚ ਸਾਬਤ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਕੰਮ ਕਰਦਾ ਹੈ।

ਖੜਗੇ ਨੇ ਕਿਹਾ ਕਿ ਬੰਗਲੌਰ ਦੀ ਮਹਾਦੇਵਪੁਰਾ ਵਿਧਾਨ ਸਭਾ ਸੀਟ ‘ਤੇ 6.6 ਲੱਖ ਵੋਟਾਂ ਦੀ ਤਸਦੀਕ ਕੀਤੀ ਹੈ ਅਤੇ ਇਹ ਇੱਕ ਧੋਖਾਧੜੀ ਵਾਲੀ ਚੋਣ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਇਹ ਫੈਸਲਾ ਕਰਦਾ ਹੈ ਕਿ ਕਿੱਥੇ ਵੋਟਾਂ ਘੱਟ ਹੋਣੀਆਂ ਚਾਹੀਦੀਆਂ ਹਨ ਅਤੇ ਕਿੱਥੇ ਜ਼ਿਆਦਾ, ਤਾਂ ਜੋ ਭਾਜਪਾ ਨੂੰ ਫਾਇਦਾ ਹੋਵੇ। ਖੜਗੇ ਨੇ ਕਿਹਾ ਕਿ ਭਾਜਪਾ ਨੇ ਮਹਾਰਾਸ਼ਟਰ, ਕਰਨਾਟਕ ਅਤੇ 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ਗੈਰ-ਕਾਨੂੰਨੀ ਢੰਗ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ, ਅਸੀਂ ਲੋਕਾਂ ‘ਚ ਜਾਵਾਂਗੇ ਅਤੇ ਉਨ੍ਹਾਂ ਨੂੰ ਸਬਕ ਸਿਖਾਵਾਂਗੇ। ਇਸ ਦੇ ਨਾਲ ਹੀ ਖੜਗੇ ਨੇ ਕਿਹਾ ਕਿ 11 ਅਗਸਤ ਨੂੰ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਦਿੱਲੀ ‘ਚ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨਗੇ ਅਤੇ ਵੋਟਿੰਗ ਪ੍ਰਕਿਰਿਆ ‘ਚ ਪਾਰਦਰਸ਼ਤਾ ਦੀ ਮੰਗ ਕਰਨਗੇ।

ਇਸ ਦੇ ਨਾਲ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਨੇ ਮਹਾਤਮਾ ਗਾਂਧੀ ਦੇ ਨਾਅਰੇ ‘ਕਰੋ ਜਾਂ ਮਰੋ’ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸੰਵਿਧਾਨ ਦੀ ਰੱਖਿਆ ਲਈ ਵੀ ਇਹੀ ਕਰਨਾ ਪਵੇਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ, ਮਹਾਤਮਾ ਗਾਂਧੀ, ਨਹਿਰੂ ਅਤੇ ਸਰਦਾਰ ਪਟੇਲ ਦੀ ਆਵਾਜ਼ ਹੈ ਅਤੇ ਕਾਂਗਰਸ ਹਰ ਕੀਮਤ ‘ਤੇ ਇਸਦੀ ਰੱਖਿਆ ਕਰੇਗੀ।

Read More: ਰਾਹੁਲ ਗਾਂਧੀ ਵੱਲੋਂ ਵੋਟਰ ਸੂਚੀਆਂ ‘ਚ ਬੇਨਿਯਮੀਆਂ ਦੇ ਦਾਅਵੇ ਦਾ ਚੋਣ ਕਮਿਸ਼ਨ ਨੇ ਮੰਗਿਆ ਲਿਖਤੀ ਜਵਾਬ

ਵਿਦੇਸ਼

Scroll to Top