ਬਠਿੰਡਾ, 29 ਸਤੰਬਰ 2023: ਪੰਜਾਬ ਕਾਂਗਰਸ (Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਬਠਿੰਡਾ ਵਿਖੇ ਨਸ਼ਿਆਂ ਖ਼ਿਲਾਫ਼ ਦਿੱਤੇ ਧਰਨੇ ਦੌਰਾਨ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਨੇ ਏਕੇ ਦਾ ਚਿਹਰਾ ਮੋਹਰਾ ਪੇਸ਼ ਕੀਤਾ। ਬਾਦਲਾਂ ਦੇ ਹਲਕੇ ਚ ਦਿੱਤੇ ਇਸ ਧਰਨੇ ਨੂੰ ਪੰਜਾਬ ਕਾਂਗਰਸ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਣੀ ਤਾਕਤ ਦੇ ਵਿਖਾਵੇ ਲਈ ਵਰਤਿਆ। ਇਸ ਮੌਕੇ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨਾਲ ਸਮਝੌਤੇ ਨੂੰ ਮੁੱਢੋਂ ਰੱਦ ਕਰਨ ਦੇ ਮਾਮਲੇ ਵਿੱਚ ਸਮੂਹ ਕਾਂਗਰਸੀ ਇੱਕ ਮੋਰੀ ਨਿਕਲੇ। ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਕਾਰਨ ਪੈਦਾ ਹੋਈ ਸਥਿਤੀ ਪਿੱਛੋਂ ਅਨੁਸ਼ਾਸਨ ‘ਚ ਵਿਖਾਈ ਦਿੱਤੀ ਕਾਂਗਰਸੀ ਲੀਡਰਸ਼ਿਪ ਧਰਨੇ ਦੌਰਾਨ ਇਕੱਠ ਕਰਨ ਵਿੱਚ ਸਫਲ ਰਹੀ।
ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਬਠਿੰਡਾ ਜ਼ਿਲ੍ਹਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਸੂਬੇ ਦੇ ਦੁੱਖਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿੰਮੇਵਾਰ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਹੁਣ ਇਸ ਮਾਮਲੇ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਨਸ਼ੇ ਕਾਰਨ ਪੰਜਾਬ ਦੇ ਨੌਜਵਾਨ ਮੌਤ ਦਾ ਸ਼ਿਕਾਰ ਹੋ ਰਹੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਵਾਲਾ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਬਦਲਾ ਖੋਰੀ ਦੀ ਰਾਜਨੀਤੀ ਨਾਲ ਸਰਕਾਰ ਚਲਾਈ ਜਾ ਰਹੀ ਹੈ ਜੋ ਪੰਜਾਬ ਦੇ ਭਲੇ ਵਿੱਚ ਸ਼ੁਭ ਸੰਕੇਤ ਨਹੀਂ। ਇਸ ਮੌਕੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਪਰ ਸਰਕਾਰ ਦਾ ਕੋਈ ਧਿਆਨ ਨਹੀਂ। ਵਿਰੋਧੀ ਧਿਰ (Congress) ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ ਚਿੱਟੇ ਨੇ ਪੈਰ ਪਸਾਰੇ ਅਤੇ ਅੱਜ ਘਰ ਘਰ ਵਿੱਚ ਚਿੱਟਾ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਚਿੱਟੇ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਮੁੱਖ ਮੰਤਰੀ ਨੂੰ ਪੰਜਾਬ ਬਾਰੇ ਕੋਈ ਫਿਕਰ ਨਹੀਂ ਹੈ । ਉਨ੍ਹਾਂ ਪੰਜਾਬੀਆਂ ਨੂੰ ਪੰਜਾਬ ਬਚਾਉਣ ਲਈ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸਮੂਹ 13 ਸੀਟਾਂ ਤੇ ਝਾੜੂ ਵਾਲਿਆਂ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਅਤੇ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਨਸ਼ਿਆਂ ਖਿਲਾਫ ਆਪਣੀ ਬਣਦੀ ਡਿਊਟੀ ਨਿਭਾਉਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਾਂਗਰਸੀ ਆਗੂਆਂ ਖਿਲਾਫ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬੰਦ ,ਖਹਿਰਾ ਦੀ ਰਿਹਾਈ ਅਤੇ ਨਸ਼ਿਆਂ ਤੇ ਸਖਤੀ ਨਾਲ ਰੋਕ ਲਾਉਣ ਦੀ ਮੰਗ ਕੀਤੀ। ਅੰਤ ਵਿੱਚ ਬਠਿੰਡਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਸਮੂਲ ਲੀਡਰਸ਼ਿਪ ਅਤੇ ਕਾਂਗਰਸੀ ਸਮਰਥਕਾਂ ਦਾ ਧਰਨੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
ਇਸ ਮੌਕੇ ਹਰਦਿਆਲ ਸਿੰਘ ਕੰਬੋਜ, ਪ੍ਰੀਤਮ ਸਿੰਘ ਕੋਟ ਭਾਈ ,ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ,ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਮਾਈਕਲ ਗਾਗੋਵਾਲ, ਵਿਕਰਮ ਮੋਫਰ , ਕੇਕੇ ਅਗਰਵਾਲ , ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਹਰਵਿੰਦਰ ਲੱਡੂ, ਬਲਰਾਜ ਪੱਕਾ, ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਗਹਿਰੀ , ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ ਆਦਿ ਆਗੂ ਹਾਜ਼ਰ ਸਨ।