ਚੰਡੀਗੜ੍ਹ, 18 ਜੁਲਾਈ 2023: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ (Oommen Chandy) ਦਾ ਮੰਗਲਵਾਰ ਸਵੇਰੇ ਬੈਂਗਲੁਰੂ ‘ਚ ਦਿਹਾਂਤ ਹੋ ਗਿਆ। ਓਮਾਨ ਚਾਂਡੀ 79 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ, ਓਮਾਨ ਚਾਂਡੀ ਬੈਂਗਲੁਰੂ ਵਿਖੇ ਜ਼ੇਰੇ ਇਲਾਜ ਸਨ । ਇਸ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਫੇਸਬੁੱਕ ‘ਤੇ ਦਿੱਤੀ। ਉਨ੍ਹਾਂ ਕਿਹਾ ਕਿ ਅੱਪਾ ਨਹੀਂ ਰਹੇ। ਇਸ ਦੇ ਨਾਲ ਹੀ ਕੇਰਲ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਟਵਿਟਰ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਸਦੇ ਨਾਲ ਹੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਸਮੇਤ ਕਈ ਕਾਂਗਰਸੀ ਆਗੂਆਂ ਨੇ ਬੈਂਗਲੁਰੂ ‘ਚ ਵਿਰੋਧੀ ਏਕਤਾ ਦੀ ਬੈਠਕ ਤੋਂ ਪਹਿਲਾਂ ਅੰਤਿਮ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨੂੰ ਮਿਲਣ ਪਹੁੰਚੇ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਕੱਟੜ ਕਾਂਗਰਸੀ ਓਮਾਨ ਚਾਂਡੀ ਇੱਕ ਜਨਤਕ ਆਗੂ ਦੇ ਰੂਪ ਵਿੱਚ ਲੰਬਾ ਕੱਦ ਰੱਖਦੇ ਸਨ। ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਨੇ ਕੇਰਲ ਦੇ ਵਿਕਾਸ ਅਤੇ ਦੇਸ਼ ਦੇ ਰਾਜਨੀਤਿਕ ਦ੍ਰਿਸ਼ ‘ਤੇ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸੇਵਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਦਿਲੀ ਹਮਦਰਦੀ।