July 7, 2024 12:23 pm
Charanjit Singh Channi

ਸਾਬਕਾ CM ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਲੁੱਕ ਆਊਟ ਨੋਟਿਸ’ ਜਾਰੀ ਕਰਨ ‘ਤੇ ਭੜਕੀ ਕਾਂਗਰਸ

ਚੰਡੀਗੜ੍ਹ, 11 ਮਾਰਚ 2023: ਪੰਜਾਬ ਦਾ ਬਜਟ ਪੇਸ਼ ਹੋਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਮਾਨ ਸਰਕਾਰ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ, ਉਥੇ ਹੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ‘ਤੇ ਕਾਂਗਰਸ ਭੜਕ ਗਈ । ‘ਆਪ’ ‘ਤੇ ਚੁਟਕੀ ਲੈਂਦਿਆਂ ਕਾਂਗਰਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਲੂਟ ਆਊਟ ਨੋਟਿਸ ਜਾਰੀ ਕਰਦੇ, ਸਰਾਰੀ ਖ਼ਿਲਾਫ਼ ਲੁੱਕ ਆਊਟ ਨੋਟਿਸ ਕਿਉਂ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਕੋਈ ਕੇਸ ਵੀ ਨਹੀਂ ਹੈ।

ਪੰਜਾਬ ਦੇ ਬਜਟ ਦੀਆਂ ਨਾਕਾਮੀਆਂ ‘ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਪੰਜਾਬੀਆਂ ਨਾਲ 19,865 ਕਰੋੜ ਰੁਪਏ ਦਾ ਚੂਨਾ ਲਾਇਆ ਹੈ । ਕਾਂਗਰਸ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਰੇਤ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਗਏ ਹਨ। ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਮੌਜੂਦਾ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਇਸ ਨੂੰ ਕੰਗਲਾ ਪੰਜਾਬ ਬਣਾ ਦੇਵੇ। ਕਾਂਗਰਸ ਦੇ ਨਾਲ-ਨਾਲ ਪੰਜਾਬ ਬਜਟ 2023 ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਬਜਟ ਵਿੱਚ ਕਟੌਤੀ ਕੀਤੀ ਗਈ ਹੈ।

ਕਾਂਗਰਸ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ‘ਆਪ’ ਸਰਕਾਰ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਲੋੜ ਅਨੁਸਾਰ ਫੰਡ ਦਿੱਤੇ ਗਏ ਹਨ। ਜੇਕਰ ਲੋੜ ਪਈ ਤਾਂ ਯੂਨੀਵਰਸਿਟੀ ਨੂੰ ਹੋਰ ਫੰਡ ਦਿੱਤੇ ਜਾਣਗੇ। ਸਿੱਖਿਆ ਅਤੇ ਸਿਹਤ ਦੇ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਵਿਧਾਨ ਸਭਾ ਵਿੱਚ ਵਿਰੋਧੀਆਂ ਨੂੰ ਬੋਲਣ ਲਈ ਵੱਧ ਸਮਾਂ ਦਿੱਤਾ ਜਾਂਦਾ ਹੈ।

ਜਿਕਰਯੋਗ ਹੈ ਕਿ ਸਾਬਕਾ ਸੀ.ਐਮ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਖਿਲਾਫ਼ ਵਿਜੀਲੈਂਸ ਦੇ ਵਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਹੈ ਕਿ, 19 ਦਸੰਬਰ 2021 ਨੂੰ ਚਮਕੌਰ ਸਾਹਿਬ ‘ਚ ਦਾਸਤਾਨ-ਏ-ਸ਼ਹਾਦਤ ਥੀਮ ਦੇ ਉਦਘਾਟਨ ਸਮਾਗਮ ’ਚ ਇਕ ਕਰੋੜ 47 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ, ਜਿਹੜਾ ਮਾਰਕੀਟ ਰੇਟ ਤੋਂ ਜ਼ਿਆਦਾ ਸੀ।

ਇਸ ਤੋਂ ਇਲਾਵਾ ਉਨ੍ਹਾਂ ‘ਤੇ ਦੋਸ਼ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤ ਦੇ ਵਿਆਹ ਤੇ ਵੀ ਸਰਕਾਰੀ ਖ਼ਰਚਾ ਕੀਤਾ ਹੈ | ਇਸ ਸਬੰਧੀ ਬਠਿੰਡਾ ਵਸਨੀਕ ਇੱਕ ਵਿਅਕਤੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਵਿਜੀਲੈਂਸ ਨੇ ਚੰਨੀ ਖਿਲਾਫ਼ ਕਾਰਵਾਈ ਕੀਤੀ ਹੈ।