ਗੜ੍ਹਸ਼ੰਕਰ, 29 ਮਈ 2024: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਕਾਂਗਰਸ (Congress) ਦੀਆਂ ਦੇਸ਼ ਵਿਰੋਧੀ ਨੀਤੀਆਂ ਨੂੰ ਲੈ ਕੇ ਉਨ੍ਹਾਂ ਤੇ’ ਤਿੱਖਾ ਹਮਲਾ ਕੀਤਾ ਹੈ। ਅੱਜ ਇੱਥੇ ਐਮ.ਪੀ ਰਿਜ਼ੋਰਟ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਸਮ੍ਰਿਤੀ ਇਰਾਨੀ ਨੇ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਪਿਆਰ ਕਰਨ ਲਈ ਕਾਂਗਰਸ ਅਤੇ ਇਸ ਦੇ ਪਾਰਟੀ ਆਗੂਆਂ ਦੀ ਸਖ਼ਤ ਨਿਖੇਧੀ ਕੀਤੀ।
ਆਪਣੇ ਦਾਅਵਿਆਂ ਦੀ ਪੁਸ਼ਟੀ ਕਰਦੇ ਹੋਏ, ਇਰਾਨੀ ਨੇ ਕਿਹਾ, “ਇੱਕ ਕਾਂਗਰਸ ਆਗੂ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਤਿਵਾਦੀ ਸਾਡੇ ਬਹਾਦਰ ਪੁਲਿਸ ਕਰਮਚਾਰੀਆਂ ਦੇ ਕਤਲ ਲਈ ਜ਼ਿੰਮੇਵਾਰ ਨਹੀਂ ਸਨ। ਉਨ੍ਹਾਂ ਦੇ ਮੁੱਖ ਮੰਤਰੀ ਪੰਜ ਸਾਲ ਬਾਅਦ ਵੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਹਨ। ਇਕ ਹੋਰ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹਨ। ਕੀ ਕੋਈ ਆਮ ਆਦਮੀ ਕਾਂਗਰਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਇਨ੍ਹਾਂ ਗੱਲਾਂ ਨੂੰ ਸਵੀਕਾਰ ਕਰ ਸਕਦਾ ਹੈ?
ਰਾਹੁਲ ਗਾਂਧੀ ਨੂੰ ਲੰਮੇ ਹੱਥੀਂ ਲੈਂਦਿਆਂ ਇਰਾਨੀ, ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਨੇ ਉੱਤਰ ਪੂਰਬੀ ਦਿੱਲੀ ਤੋਂ ਟੁਕੜੇ ਟੁਕੜੇ ਗੈਂਗ ਦੇ ਕਨ੍ਹਈਆ ਕੁਮਾਰ ਨੂੰ ਟਿਕਟ ਦਿੱਤੀ ਹੈ। ਇਰਾਨੀ ਨੇ ਕਿਹਾ,1966 ਵਿੱਚ ਪੰਜਾਬ ਨੂੰ ਵੰਡਣ ਵਾਲੀ ਕਾਂਗਰਸ ਹੁਣ ਭਾਰਤ ਵਿਰੋਧੀ ਲੋਕਾਂ ਦਾ ਸਮਰਥਨ ਕਰ ਦੇਸ਼ ਨੂੰ ਵੰਡਣ ‘ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸ (Congress) 1947 ਦੀ ਵੰਡ ਨੂੰ ਦੁਹਰਾਉਣਾ ਚਾਹੁੰਦੀ ਹੈ ਜਿਸ ਕਰਕੇ ਸਾਡੀਆਂ ਮਾਂਵਾਂ, ਭੈਣਾਂ ਅਤੇ ਧੀਆਂ ਮੁੜ ਉਸੇ ਸਦਮੇ ਦਾ ਅਨੁਭਵ ਕਰਨ ਜੋਕਿ ਬਹੁਤ ਹੀ ਨਿੰਦਣਯੋਗ ਹੈ।
ਕਥਿਤ ਸ਼ਰਾਬ ਘਪਲੇ ‘ਤੇ ‘ਆਪ’ ਸਰਕਾਰ ‘ਤੇ ਹਮਲਾ ਬੋਲਦੇ ਹੋਏ ਇਰਾਨੀ ਨੇ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਦੇ ਲੀਡਰਾਂ ‘ਤੇ ਭ੍ਰਿਸ਼ਟਾਚਾਰ ‘ਚ ਡੁੱਬੇ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਮਾਮਲਾ ਵੀ ਉਠਾਇਆ ਅਤੇ ਇਸ ਨੂੰ ‘ਆਪ’ ਸਰਕਾਰ ਖਾਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਦੇ ਚਿਹਰੇ ‘ਤੇ ਦਾਗ ਕਰਾਰ ਦਿੱਤਾ। ਆਪਣੇ ਭਾਸ਼ਣ ਵਿੱਚ, ਉਹਨਾਂ ਨੇ 80 ਕਰੋੜ ਭਾਰਤੀਆਂ ਨੂੰ ਦਿੱਤੇ ਜਾ ਰਹੇ ਮੁਫਤ ਰਾਸ਼ਨ ਰਾਹੀਂ ਗਰੀਬਾਂ ਦੀ ਮੱਦਦ ਕਰਨ ਤੋਂ ਇਲਾਵਾ ਕਿਸਾਨਾਂ ਦੀ ਬਿਹਤਰੀ ਅਤੇ ਸੜਕ-ਰੇਲਵੇ ਦੇ ਬੁਨਿਆਦੀ ਢਾਂਚੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ।
ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਠਨ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਅਤੇ ਆਮ ਜਨਤਾ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ ਨੂੰ ਵੋਟ ਪਾਉਣ ਦੀ ਅਪੀਲ ਕਿੱਤੀ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਬਹੁਤ ਖੁਸ਼ ਹਾਂ ਅਤੇ ਰੱਬ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਰੈਲੀ ਦੀ ਸਫ਼ਲਤਾ ’ਤੇ ਗੜ੍ਹਸ਼ੰਕਰ ਭਾਜਪਾ ਆਗੂ ਨਿਮਿਸ਼ਾ ਮਹਿਤਾ ਦੀ ਸ਼ਲਾਘਾ ਕੀਤੀ।” ਰੈਲੀ ਦੌਰਾਨ ਮੌਜੂਦ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’, ‘ਜੈ ਸ਼੍ਰੀ ਰਾਮ’ ਅਤੇ ‘ਬੋਲੇ ਸੋ ਨਿਹਾਲ’ ਦੇ ਨਾਅਰੇ ਕਈ ਵਾਰ ਲਗਾਏ।