July 2, 2024 9:52 pm
ED

ਕਾਂਗਰਸ ਦਾ ਦਾਅਵਾ, ਕੇਂਦਰ ਕੋਲ 18 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਨਰੇਗਾ ਮਜ਼ਦੂਰੀ ਦੇ ਕਰੋੜਾਂ ਰੁਪਏ ਬਕਾਇਆ

ਚੰਡੀਗ੍ਹੜ, 23 ਅਗਸਤ, 2023: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬਜਟ ਵਿੱਚ ਇੱਕ ਤਿਹਾਈ ਦੀ ਕਟੌਤੀ ਕਰਨ ਦੇ ਬਾਵਜੂਦ, ਮੋਦੀ ਸਰਕਾਰ ਦੇਸ਼ ਦੇ 18 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਨਰੇਗਾ (MGNREGA) ਮਜ਼ਦੂਰੀ ਦੇ 6,366 ਕਰੋੜ ਰੁਪਏ ਅਜੇ ਵੀ ਬਕਾਇਆ ਹੈ।

ਉਨ੍ਹਾਂ ਨੇ 18 ਸਾਲ ਪਹਿਲਾਂ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਪ੍ਰਮੁੱਖ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਨਰੇਗਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਸਾਲ 2005 ਵਿੱਚ ਸਾਡੀ ਕਾਂਗਰਸ-ਯੂਪੀਏ ਸਰਕਾਰ ਨੇ ਕਰੋੜਾਂ ਲੋਕਾਂ ਨੂੰ ਕੰਮ ਕਰਨ ਦਾ ਅਧਿਕਾਰ ਯਕੀਨੀ ਬਣਾਉਣ ਲਈ ਮਨਰੇਗਾ ਲਾਗੂ ਕੀਤਾ ਸੀ।

ਇਸਦੇ ਨਾਲ ਹੀ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਇਸ ਸਾਲ ਮਨਰੇਗਾ (MGNREGA) ਦੇ ਬਜਟ ‘ਚ 33 ਫੀਸਦੀ ਦੀ ਕਟੌਤੀ ਕੀਤੀ ਹੈ। ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਕਰੀਬ 14.42 ਕਰੋੜ ਮਜ਼ਦੂਰਾਂ ਲਈ ਅਹਿਮ ਹੈ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਹਨ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਲਗਾਇਆ ਗਿਆ ਸੀ ਤਾਂ ਮਨਰੇਗਾ ਮਜ਼ਦੂਰਾਂ ਲਈ ਜੀਵਨ ਰੱਖਿਅਕ ਬਣ ਗਿਆ ਸੀ। ਮਨਰੇਗਾ ਨੇ ਮਹਾਂਮਾਰੀ ਦੌਰਾਨ ਆਮਦਨੀ ਦੇ 80 ਪ੍ਰਤੀਸ਼ਤ ਨੁਕਸਾਨ ਦੀ ਭਰਪਾਈ ਕੀਤੀ ਅਤੇ ਔਖੇ ਵੇਲੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਵਿੱਚ ਮੱਦਦ ਕਰਨ ਵਿੱਚ ਇੱਕ ਸਕਾਰਾਤਮਕ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਇਸ ਦਿਨ ਮਨਰੇਗਾ ਪਾਸ ਕੀਤਾ ਗਿਆ।