Shergill

‘ਆਪ’ ਦੀ ਸਟੇਪਣੀ ਬਣਨ ‘ਤੇ ਕਾਂਗਰਸ ਨੂੰ ਵਧਾਈ: ਜੈਵੀਰ ਸ਼ੇਰਗਿੱਲ

ਚੰਡੀਗੜ੍ਹ, 16 ਜੁਲਾਈ 2023: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਵੱਲੋਂ ‘ਆਪ’ ਨੂੰ ਸਮਰਥਨ ਦੇਣ ਅਤੇ ਦਿੱਲੀ ਸਰਵਿਸਜ਼ ਆਰਡੀਨੈਂਸ ਦੇ ਹੱਕ ਵਿੱਚ ਨਾ ਹੋਣ ਦੇ ਐਲਾਨ ਨਾਲ ਇਹ ਹੁਣ ਅਧਿਕਾਰਤ ਤੌਰ ‘ਤੇ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਅਤੇ ਕਾਂਗਰਸ ‘ਇਕ ਟੀਮ’ ਹਨ। ਇਸ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ, ਸ਼ੇਰਗਿੱਲ ਨੇ ਕਿਹਾ ਕਿ ‘ਆਪ’-ਕਾਂਗਰਸ ਹੁਣ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ‘ਆਪ’ ਦੀ ਸਟੇਪਣੀ ਬਣ ਗਈ ਹੈ ਅਤੇ ਇਸ ਤੋਂ ਸਪੱਸ਼ਟ ਹੈ ਕਿ ਇਹ ਦੋਵੇਂ ਪਾਰਟੀਆਂ ਫਿਕਸ ਮੈਚ ਖੇਡ ਰਹੀਆਂ ਹਨ।

ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਇਸ ਫੈਸਲੇ ਨਾਲ ਪੰਜਾਬ ਕਾਂਗਰਸ ਦਾ ਮਜ਼ਾਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਈ ਪ੍ਰੈਸ ਕਾਨਫਰੰਸਾਂ ਕਰਕੇ ਸਪੱਸ਼ਟ ਤੌਰ ‘ਤੇ ਮੰਗ ਕੀਤੀ ਸੀ ਕਿ ਪਾਰਟੀ ਨੂੰ ਦਿੱਲੀ ਵਿੱਚ ਐਡਮਿਨਿਸਟਰੇਸ਼ਨ ਆਫ਼ ਸਰਵਿਸੇਜ ਬਾਰੇ ਕੇਂਦਰ ਦੇ ਆਰਡੀਨੈਂਸ ਦੇ ਮੁੱਦੇ ‘ਤੇ ‘ਆਪ’ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਹੈ, ਪਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਕੇ ਸਪੱਸ਼ਟ ਤੌਰ ‘ਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਏ.ਆਈ.ਸੀ.ਸੀ ਵਿੱਚ ਪੰਜਾਬ ਇਕਾਈ ਦੀ ਕੋਈ ਪਰਵਾਹ ਨਹੀਂ ਕਰਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ‘ਆਪ’ ਦੀਆਂ ਪੰਜਾਬ ਵਿਰੋਧੀ ਨੀਤੀਆਂ ‘ਤੇ ਸਵਾਲ ਉਠਾਉਣ ਦਾ ਹੱਕ ਗੁਆ ਚੁੱਕੀ ਹੈ।

ਸ਼ੇਰਗਿੱਲ ਨੇ ਖੁਲਾਸਾ ਕੀਤਾ ਕਿ ਕਾਂਗਰਸ ਵੱਲੋਂ ‘ਆਪ’ ਨੂੰ ਸਮਰਥਨ ਦੇਣ ਦਾ ਇਹ ਕਦਮ ਕਾਂਗਰਸ ਪਾਰਟੀ ਦੀ ਸਿਆਸੀ ਨਿਰਾਸ਼ਾ ਅਤੇ ਇਸਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ। ਇਕ ਪਾਸੇ ‘ਆਪ’ ਪੰਜਾਬ ‘ਚ ਕਾਂਗਰਸ ਦੇ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਕਰ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਖੁੱਲ੍ਹੇਆਮ ਭ੍ਰਿਸ਼ਟ ਬ੍ਰਿਗੇਡ ਕਿਹਾ ਹੈ। ਦੂਜੇ ਪਾਸੇ ਦਿੱਲੀ ਸ਼ਰਾਬ ਘੁਟਾਲੇ ‘ਚ ‘ਆਪ’ ਆਗੂਆਂ ਦੀ ਗ੍ਰਿਫ਼ਤਾਰੀ ‘ਤੇ ਕਾਂਗਰਸ ਨੇ ਜਸ਼ਨ ਮਨਾਇਆ ਹੈ। ਇਸ ਸਭ ਦੇ ਬਾਵਜੂਦ ਇਨ੍ਹਾਂ ਨੇ ਹੱਥ ਮਿਲਾ ਲਿਆ ਹੈ। ਇਸ ਫੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪੰਜਾਬ ਦੇ ਲੋਕਾਂ ਨਾਲ ਨਹੀਂ ਹੈ ਅਤੇ ਸੱਤਾ ਦੇ ਲਾਲਚ ‘ਚ ‘ਆਪ’ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਭਾਜਪਾ ਹੀ ਇੱਕੋ ਇੱਕ ਵਿਕਲਪ ਹੈ।

Scroll to Top