July 7, 2024 9:17 am
Supreme Court

ਪਾਣੀ ਨੂੰ ਲੈ ਕੇ ਦਿੱਲੀ-ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਵਧਿਆ, ਸੁਪਰੀਮ ਕੋਰਟ ਪਹੁੰਚੀ ਕੇਜਰੀਵਾਲ ਸਰਕਾਰ

ਚੰਡੀਗੜ੍ਹ, 31 ਮਈ 2024: ਪਾਣੀ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਜਾਰੀ ਹੈ। ਦਿੱਲੀ ਸਰਕਾਰ (Delhi government) ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਕੇਜਰੀਵਾਲ ਸਰਕਾਰ ਨੇ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਪਾਣੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਲਈ ਵਾਧੂ ਪਾਣੀ ਦਿੱਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਰਿਕਾਰਡ ਤਾਪਮਾਨ ਵਿਚ ਦਿੱਲੀ ਦੇ ਹਿੱਸੇ ਦੇ ਪਾਣੀ ਵਿਚ ਕਟੌਤੀ ਕਰ ਰਹੀ ਹੈ।

ਇੱਕ ਦਿਨ ਪਹਿਲਾਂ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਯਮੁਨਾ ਵਿੱਚ ਲੋੜੀਂਦਾ ਪਾਣੀ ਨਹੀਂ ਛੱਡ ਰਹੀ ਹੈ। ਇਸ ਕਾਰਨ ਦਿੱਲੀ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸਰਕਾਰ (Delhi government) ਇਸ ਨਾਲ ਨਜਿੱਠਣ ਲਈ ਤਿਆਰ ਹੈ। ਸਰਕਾਰ ਨੇ ਵਾਟਰ ਟੈਂਕਰ ਵਾਰ ਰੂਮ ਬਣਾਇਆ ਹੈ, ਜਿੱਥੋਂ ਦਿੱਲੀ ਵਾਸੀ 1916 ‘ਤੇ ਕਾਲ ਕਰਕੇ ਟੈਂਕਰ ਮੰਗਵਾ ਸਕਦੇ ਹਨ। ਪਾਣੀ ਦੀ ਬਰਬਾਦੀ ਰੋਕਣ ਲਈ ਜਲ ਬੋਰਡ ਦੀਆਂ 200 ਟੀਮਾਂ ਬਣਾਈਆਂ ਗਈਆਂ ਹਨ। ਦੂਜੇ ਪਾਸੇ ਇਸ ਮੁੱਦੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤੀ ਨਾ ਕਰੇ ਸਗੋਂ ਯੂਪੀ ਅਤੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏ।