ਮੋਹਾਲੀ, 09 ਅਕਤੂਬਰ 2024: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੋਹਾਲੀ ਪ੍ਰੈਸ ਕਲੱਬ (Mohali Press Club) ਦੀ ਕਾਰਜਕਾਰਨੀ ਦੀ 26ਵੀਂ ਵਰ੍ਹੇਗੰਢ ਅਤੇ ਤਾਜਪੋਸ਼ੀ ਸਮਾਗਮ ‘ਚ ਸ਼ਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪ੍ਰੈਸ ਕਲੱਬ ਦੀ ਪੱਕੀ ਥਾਂ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਇਸ ਸਬੰਧੀ ਛੇਤੀ ਹੀ ਠੋਸ ਹੱਲ ਕਰਵਾਉਣ ਦਾ ਐਲਾਨ ਕੀਤਾ ਹੈ ।
ਇਸ ਸਮਾਗਮ ਮੌਕੇ ਖੇਤੀਬਾੜੀ ਮੰਤਰੀ ਨੇ ਸੈਕਟਰ-71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਸਮਾਗਮ ‘ਚ ਕਿਹਾ ਕਿ ਮੀਡੀਆ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹੈ। ਸਮਾਜ ‘ਚ ਜੋ ਕੁਝ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਅਹਿਮ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਹਮੇਸ਼ਾ ਲੋਕਾਂ ਦੀ ਗੱਲ ਕਰਦਾ ਹੈ ਅਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਤੋਂ ਗੁਰੇਜ਼ ਕਰਦਾ ਹੈ।
ਇਸ ਦੌਰਾਨ ਮੋਹਾਲੀ ਤੋਂ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੱਤਰਕਾਰ ਸਮੁੱਚੇ ਸਮਾਜ ਅਤੇ ਲੋਕਤੰਤਰ ਦੇ ਮਹੱਤਵਪੂਰਨ ਅੰਗ ਹੁੰਦੇ ਹਨ। ਉਨ੍ਹਾਂ ਕਲੱਬ (Mohali Press Club) ਦੀ ਮੰਗ ਦੀ ਪ੍ਰੋੜਤਾ ਕਰਦਿਆਂ ਸੁਝਾਅ ਦਿੱਤਾ ਕਿ ਇਸ ਸਬੰਧੀ ਸਰਕਾਰ ਠੋਸ ਅਤੇ ਸਾਂਝੇ ਯਤਨ ਕਰਕੇ ਗਮਾਡਾ ਤੋਂ ਢੁਕਵੀਂ ਜ਼ਮੀਨ ਹਾਸਲ ਕੀਤੀ ਜਾ ਸਕਦੀ ਹੈ।
ਇਸ ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੀਡੀਆ ਦੀ ਇਸ ਮੰਗ ਨੂੰ ਉਹ ਵੀ ਸਮਰਥਨ ਦਿੰਦੇ ਹਨ ਅਤੇ ਸਾਂਝੇ ਯਤਨਾਂ ਤਹਿਤ ਉਹ ਆਪ ਵੀ ਕਲੱਬ ਨਾਲ ਸਹਿਯੋਗ ਕਰਨਗੇ।