ਪਟਿਆਲਾ, 08 ਨਵੰਬਰ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (DC Sakshi Sawhney) ਨੇ ਸਿਹਤ ਵਿਭਾਗ ਦੀ ਮਹੀਨਾਵਾਰ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਨਾਗਰਿਕ ਤੱਕ ਸਿਹਤ ਸੇਵਾਵਾਂ ਪਹੁੰਚਾਉਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਗਰਭਵਤੀ ਮਾਂਵਾਂ ਅਤੇ ਬੱਚਿਆਂ ਦੇ ਸੰਪੂਰਨ ਟੀਕਾਕਰਨ ਕਰਨ ਲਈ ਆਸ਼ਾ ਵਰਕਰ ਜਮੀਨੀ ਪੱਧਰ ‘ਤੇ ਜਾ ਕੇ ਕੰਮ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰੀਤਾ ਜੌਹਲ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸਾਕਸ਼ੀ ਸਾਹਨੀ (DC Sakshi Sawhney) ਨੇ ਜ਼ਿਲ੍ਹੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਿਛਲੇ ਦਿਨੀਂ ਐਸ.ਡੀ.ਐਮਜ਼ ਵਲੋਂ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਜਿਹੜੇ ਕਲੀਨਿਕਾਂ ਵਿੱਚ ਸਮੱਸਿਆਵਾਂ ਸਨ, ਉਨ੍ਹਾਂ ਨੂੰ ਦੂਰ ਕੀਤਾ ਗਿਆ ਹੈ ਤੇ ਅੱਗੇ ਤੋਂ ਵੀ ਲਗਾਤਾਰ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਕੀਤੀ ਜਾਇਆ ਕਰੇਗੀ।
ਇਸ ਮੌਕੇ ਉਨ੍ਹਾਂ ਜਨਨੀ ਸ਼ਿਸ਼ੂ ਸੁਰੱਖਿਆ ਕਾਰ੍ਰਿਆਕਰਮ, ਜਨਨੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ, ਸੁਮਨ, ਪਰਿਵਾਰ ਨਿਯੋਜਨ, ਆਰ.ਬੀ.ਐਸ.ਕੇ, ਐਨ.ਪੀ.ਸੀ.ਬੀ., ਰਾਸ਼ਟਰੀ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਤੇ ਟੀ.ਬੀ. ਕੰਟਰੋਲ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਇਨ੍ਹਾਂ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸਾਕਸ਼ੀ ਸਾਹਨੀ ਨੇ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ 2 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਿੱਚ ਕਿਸੇ ਕਾਰਨ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਸਿਹਤ ਵਿਭਾਗ ਵੱਲੋ ਜੋ ਤੀਸਰਾ ਗੇੜ 20 ਤੋਂ 25 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਮੌਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਪੈਸ਼ਲ ਕੈਂਪ ਲਗਾ ਕੇ ਇਸ ਪਾੜੇ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਸੂਚੀ ਅਨੁਸਾਰ ਸੰਪੂਰਨ ਟੀਕਾਕਰਨ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਯੋਗ ਅਗਵਾਈ ‘ਚ ਸਿਹਤ ਵਿਭਾਗ ਨਿਰੰਤਰ ਸਿਹਤ ਸੇਵਾਵਾਂ ‘ਚ ਸੁਧਾਰ ਕਰ ਰਿਹਾ ਹੈ। ਉਨ੍ਹਾਂ ਵਿਭਾਗ ਦੀ ਪ੍ਰਗਤੀ ਰਿਪੋਰਟ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ।