Central Jail Amritsar

ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ

ਚੰਡੀਗੜ੍ਹ 18 ਜੁਲਾਈ 2023: ਕੇਂਦਰੀ ਜੇਲ੍ਹ ਅੰਮ੍ਰਿਤਸਰ (Central Jail Amritsar) ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਮਹੀਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ। ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਹੁਕਮਾਂ ‘ਤੇ ਅੰਮ੍ਰਿਤਸਰ ਦੇ ਡੀਸੀਪੀ ਹਰਜੀਤ ਸਿੰਘ ਧਾਲੀਵਾਲ ਕਮ-ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਜੇਲ੍ਹ ਦੇ ਆਲੇ-ਦੁਆਲੇ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।

11 ਜੂਨ ਨੂੰ ਸਵੇਰੇ 9 ਵਜੇ ਦੇ ਕਰੀਬ ਇਹ ਖਿਡੌਣਾ ਡਰੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਹਾਈ ਸਕਿਉਰਿਟੀ ਜ਼ੋਨ ਵਿੱਚ ਡਿੱਗਿਆ। ਡਰੋਨ ਨੂੰ ਜੇਲ੍ਹ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਵੱਲੋਂ ਉਡਾਇਆ ਗਿਆ ਅਤੇ ਇਹ ਕੰਟਰੋਲ ਤੋਂ ਬਾਹਰ ਹੋ ਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਜਾ ਡਿੱਗਿਆ। ਜੇਲ੍ਹ ਦੇ ਨੇੜੇ ਡਰੋਨ ਉਡਾਉਣਾ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੈ। ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਨੇੜੇ ਡਰੋਨਾਂ ਦੀ ਵਰਤੋਂ ਅਣਅਧਿਕਾਰਤ ਖੇਤਰ, ਨਸ਼ਿਆਂ ਦੀ ਤਸਕਰੀ, ਕੈਦੀਆਂ ਨੂੰ ਭੱਜਣ ਵਿੱਚ ਮੱਦਦ ਕਰਨ ਅਤੇ ਅੱਤਵਾਦੀ ਹਮਲਿਆਂ ਲਈ ਕੀਤੀ ਜਾ ਸਕਦੀ ਹੈ, ਜੋ ਕਿ ਸੂਬੇ ਦੀ ਪ੍ਰਭੂਸੱਤਾ ਲਈ ਖ਼ਤਰਾ ਬਣ ਸਕਦਾ ਹੈ।

ਇਸ ਲਈ ਕੇਂਦਰੀ ਜੇਲ੍ਹ ਅੰਮ੍ਰਿਤਸਰ (Central Jail Amritsar) ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾਉਣੀ ਬਹੁਤ ਜ਼ਰੂਰੀ ਹੈ। ਇਸ ਲਈ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ ਸ਼ਹਿਰ ਨੂੰ ਜਬਤਾ ਫੌਜਦਾਰੀ ਸੰਘ 1973 ਦੀ ਧਾਰਾ-144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਦੇ ਘੇਰੇ ਅੰਦਰ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 17.07.2023 ਤੋਂ 22.01.2024 ਤੱਕ ਲਾਗੂ ਰਹੇਗਾ।

Scroll to Top