ਹਨੀ ਸਿੰਘ

ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ CM ਭਗਵੰਤ ਮਾਨ ਨੂੰ ਕੀਤੀ ਸ਼ਿਕਾਇਤ

ਮੋਹਾਲੀ, 21 ਅਗਸਤ 2025: ਮੋਹਾਲੀ ‘ਚ 23 ਅਗਸਤ 2025 ਨੂੰ ਹੋਣ ਜਾ ਰਹੇ ਫਿਲਮਫੇਅਰ ਐਵਾਰਡਜ਼ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ‘ਚ ਚੰਡੀਗੜ੍ਹ ਦੇ ਪ੍ਰੋ. ਪੰਡਿਤ ਰਾਓ ਧਰਨੇਵਰ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ।

ਉਨ੍ਹਾਂ ਕਿਹਾ ਹੈ ਕਿ ਜੇਕਰ ਗਾਇਕ ਨੂੰ ਗਾਉਣ ਦੀ ਇਜਾਜ਼ਤ ਦੇਣੀ ਹੈ, ਤਾਂ ਘੱਟੋ-ਘੱਟ ਉਨ੍ਹਾਂ ਤੋਂ ਲਿਖਤੀ ਭਰੋਸਾ ਲਿਆ ਜਾਵੇ ਕਿ ਉਹ ਸ਼ਰਾਬ, ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਔਰਤਾਂ ਦਾ ਅਪਮਾਨ ਕਰਨ ਵਾਲੇ ਉਨ੍ਹਾਂ ਦੇ ਯੂਟਿਊਬ ਗੀਤਾਂ ਨੂੰ ਹਟਾ ਦੇਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਪੱਤਰ ‘ਚ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਤੁਹਾਡੇ ਵੱਲੋਂ ਛੇੜੀ ਜੰਗ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ।

ਪ੍ਰੋਫੈਸਰ ਰਾਓ ਨੇ ਲਿਖਿਆ ਹੈ ਕਿ ਹਨੀ ਸਿੰਘ ਦੇ ਬਹੁਤ ਸਾਰੇ ਗੀਤ ਸ਼ਰਾਬ, ਨਸ਼ਿਆਂ ਅਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਦੇ ਹਨ। ਇੰਨਾ ਹੀ ਨਹੀਂ, ਔਰਤਾਂ ਦਾ ਅਪਮਾਨ ਕਰਨ ਵਾਲੇ ਗੀਤ ਵੀ ਯੂਟਿਊਬ ‘ਤੇ ਮੌਜੂਦ ਹਨ।

ਪੰਜਾਬ ਮਹਿਲਾ ਕਮਿਸ਼ਨ ਨੇ ਹਨੀ ਸਿੰਘ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਲਈ ਨੋਟਿਸ ਭੇਜਿਆ ਸੀ। ਉਨ੍ਹਾਂ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਸੀ। ਪਰ ਹੁਣ ਤੱਕ ਹਨੀ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਪੁਲਿਸ ਨੂੰ ਇਸ ਮਾਮਲੇ ‘ਚ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਸੀ।

ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨੇ ਫਿਲਮਫੇਅਰ ਐਵਾਰਡਜ਼ ‘ਚ ਯੋ-ਯੋ ਹਨੀ ਸਿੰਘ ਦੇ ਪ੍ਰਦਰਸ਼ਨ ਦੇ ਖਿਲਾਫ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ੋਅ ਇੱਕ ਚੰਗੀ ਚੀਜ਼ ਹੈ ਅਤੇ ਉਹ ਇਸਦਾ ਸਵਾਗਤ ਕਰਦਾ ਹੈ, ਪਰ ਹਨੀ ਸਿੰਘ ਵਰਗੇ ਕਲਾਕਾਰਾਂ ਨੂੰ ਪਲੇਟਫਾਰਮ ਦੇਣਾ ਗਲਤ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਨੀ ਸਿੰਘ ਦੇ ਗਾਣੇ ਬੱਚਿਆਂ ਨੂੰ ਸ਼ਰਾਬ ਅਤੇ ਨਸ਼ਿਆਂ ਵੱਲ ਧੱਕਦੇ ਹਨ ਅਤੇ ਔਰਤਾਂ ਦਾ ਅਪਮਾਨ ਕਰਦੇ ਹਨ।

Read More: PCA ਸਟੇਡੀਅਮ ‘ਚ ਹੋਵੇਗਾ ਭੁਟਾਨੀ ਫਿਲਮਫੇਅਰ ਐਵਾਰਡ ਪੰਜਾਬੀ 2025, ਹਨੀ ਸਿੰਘ ਦੇਣਗੇ ਪੇਸ਼ਕਾਰੀ

Scroll to Top