Bengaluru stampede case

ਬੰਗਲੁਰੂ ਭਗਦੜ ਮਾਮਲੇ ‘ਚ CM ਸਿੱਧਰਮਈਆ ਤੇ ਡਿਪਟੀ ਸੀਐੱਮ ਖ਼ਿਲਾਫ ਸ਼ਿਕਾਇਤ ਦਰਜ

ਬੰਗਲੁਰੂ 05 ਜੂਨ 2025: Bengaluru stampede case: ਪਹਿਲੀ ਵਾਰ ਆਈਪੀਐਲ ਜਿੱਤਣ ਵਾਲੀ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਦੇ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਵੱਡੇ ਹਾਦਸੇ ‘ਚ ਬਦਲ ਗਿਆ। ਜੇਤੂ ਖਿਡਾਰੀਆਂ ਦੇ ਸਵਾਗਤ ਲਈ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ ‘ਚ ਭਗਦੜ ਕਾਰਨ 11 ਜਣਿਆਂ ਦੀ ਮੌਤ ਹੋ ਗਈ ਅਤੇ ਕਰੀਬ 33 ਜਣੇ ਜ਼ਖਮੀ ਹੋ ਗਏ |

ਸਮਾਜਿਕ ਕਾਰਕੁਨ ਸਨੇਹਮਾਈ ਕ੍ਰਿਸ਼ਨਾ ਨੇ ਕਰਨਾਟਕ ‘ਚ ਬੰਗਲੌਰ ਭਗਦੜ ਮਾਮਲੇ ਸਬੰਧੀ ਕਬਨ ਪਾਰਕ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਕ੍ਰਿਕਟ ਬੋਰਡ ਦੇ ਅਧਿਕਾਰੀਆਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਇਸਦੇ ਨਾਲ ਹੀ ਆਈਪੀਸੀ ਦੀ ਧਾਰਾ 106 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਚਸ਼ਮਦੀਦਾਂ ਦੇ ਮੁਤਾਬਕ ਲੋਕ ਸੜਕ ‘ਤੇ ਹੀ ਜ਼ਖਮੀਆਂ ਨੂੰ ਸੀਪੀਆਰ ਦਿੰਦੇ ਰਹੇ। ਏਬੀਐਮ ਮੈਡੀਕਲ ਕਾਲਜ ਦੇ ਇੱਕ ਡਾਕਟਰ ਨੇ ਦੱਸਿਆ ਕਿ ਮ੍ਰਿਤਕਾਂ ‘ਚੋਂ ਜ਼ਿਆਦਾਤਰ ਨੌਜਵਾਨ ਹਨ। ਇਸ ‘ਚ 5 ਔਰਤਾਂ ਅਤੇ 6 ਪੁਰਸ਼ ਹਨ। ਸਾਰਿਆਂ ਦੀ ਉਮਰ 13 ਤੋਂ 33 ਸਾਲ ਦੇ ਵਿਚਕਾਰ ਹੈ। ਉਨ੍ਹਾਂ ਦੀ ਮੌਤ ਸਿਰ, ਰੀੜ੍ਹ ਦੀ ਹੱਡੀ ਅਤੇ ਪੇਟ ‘ਚ ਗੰਭੀਰ ਸੱਟਾਂ ਕਾਰਨ ਹੋਈ।

ਸ਼ਾਮ ਨੂੰ ਘਟਨਾ (Bengaluru stampede case) ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਸਿੱਧਰਮਈਆ ਨੇ ਕਿਹਾ, “ਮੈਂ ਇਸ ਘਟਨਾ ਦਾ ਬਚਾਅ ਨਹੀਂ ਕਰ ਰਿਹਾ ਹਾਂ, ਪਰ ਦੇਸ਼ ‘ਚ ਪਹਿਲਾਂ ਵੀ ਕਈ ਵੱਡੇ ਹਾਦਸੇ ਹੋਏ ਹਨ, ਜਿਵੇਂ ਕਿ ਕੁੰਭ ਮੇਲਾ ਜਿਸ ‘ਚ 50-60 ਜਣਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਜ਼ਿੰਮੇਵਾਰੀ ਤੋਂ ਬਚਣਾ ਚਾਹੀਦਾ ਹੈ।” ਇਸ ਦੌਰਾਨ, ਭਾਜਪਾ ਨੇ ਇਸ ਮਾਮਲੇ ਲਈ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਕਰਨਾਟਕ ਦੇ ਗ੍ਰਹਿ ਮੰਤਰੀ ਡਾ. ਜੀ. ਪਰਮੇਸ਼ਵਰ ਨੇ ਕਿਹਾ, “ਮੁੱਖ ਮੰਤਰੀ ਨੇ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜਦੋਂ ਰਿਪੋਰਟ ਆਵੇਗੀ, ਤਾਂ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।”

ਬੰਗਲੁਰੂ ਭਗਦੜ ‘ਤੇ ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, “ਇਹ ਸਿਰਫ਼ ਇੱਕ ਹਾਦਸਾ ਨਹੀਂ ਸੀ, ਸਗੋਂ ਸਰਕਾਰ ਦੁਆਰਾ ਬਣਾਈ ਗਈ ਭਗਦੜ ਸੀ। ਮੁੱਖ ਮੰਤਰੀ ਕਹਿ ਰਹੇ ਹਨ ਕਿ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ? ਕੀ 11 ਜਣਿਆਂ ਦੀ ਮੌਤ ਨੂੰ ਆਮ ਕਿਹਾ ਜਾ ਸਕਦਾ ਹੈ?”

Read More: ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਮਚੀ ਭਗਦੜ, 7 ਜਣਿਆਂ ਦੀ ਮੌ.ਤ

Scroll to Top