floods

ਹੜ੍ਹਾਂ ਨਾਲ ਹੋਏ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਲਾਂਕਣ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ: ਡੀ.ਸੀ ਆਸ਼ਿਕਾ ਜੈਨ

ਡੇਰਾਬੱਸੀ/ਲਾਲੜੂ, 03 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਹੜ੍ਹ (floods) ਪ੍ਰਭਾਵਿਤ ਪਿੰਡ ਟਿਵਾਣਾ ਅਤੇ ਆਸ-ਪਾਸ ਦੇ ਇਲਾਕੇ ਦਾ ਦੌਰਾ ਕਰਕੇ ਨੁਕਸਾਨ ਦੇ ਜਾਇਜ਼ੇ ਲਈ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਅਤੇ ਬੰਨ੍ਹ ਮੁਰੰਮਤ ਅਤੇ ਸੜਕਾਂ ਆਦਿ ਦੀ ਮੁਰੰਮਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਉੱਥੇ ਇਕੱਠੇ ਹੋਏ ਕਿਸਾਨਾਂ ਅਤੇ ਹੋਰ ਪ੍ਰਭਾਵਿਤ ਵਸਨੀਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਉਨ੍ਹਾਂ ਦੇ ਨੁਕਸਾਨ ਦੇ ਇੱਕ-ਇੱਕ ਪੈਸੇ ਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਡੇਰਾਬੱਸੀ ਦੇ ਘੱਗਰ ਦੀ ਮਾਰ ਹੇਠਲੇ ਖੇਤਰ ਨੂੰ ਗਾਰੇ ਅਤੇ ਦਰਿਆ ਦਾ ਰੁਖ ਬਦਲਣ ਕਾਰਨ ਪਏ ਟੋਇਆਂ ਕਰਨ ਵੱਡਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਦਰਿਆ ਦੇ ਵਹਿਣ ਕਾਰਨ ਪ੍ਰਭਾਵਿਤ ਹੋਏ ਖੇਤਾਂ ਦੀ ਡੀ-ਸਿਲਟਿੰਗ ਅਤੇ ਪੱਧਰਾ ਕਰਨ ਦੇ ਨਿਯਮਾਂ ਅਨੁਸਾਰ ਨੁਕਸਾਨ ਦਰਜ ਕਰ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੁਆਵਜ਼ਾ ਦੀ ਸਮੇਂ ਸਿਰ ਵੰਡ ਕਰਨ ਲਈ ਮੁਲਾਂਕਣ ਦਾ ਕੰਮ 15 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਪ੍ਰਭਾਵਿਤ ਲੋਕਾਂ ਨੂੰ ਹੜ੍ਹਾਂ (floods) ਦੇ ਨੁਕਸਾਨ ਕਾਰਨ ਦਰਪੇਸ਼ ਸਮੱਸਿਆਵਾਂ ਨੂੰ ਸੁਣਨਾ ਸੀ, ਜਿਨ੍ਹਾਂ ਨੇ ਆਪਣੀਆਂ ਫਸਲਾਂ, ਉਸਾਰੀਆਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਗੁਆ ਦਿੱਤਾ ਸੀ। ਉਨ੍ਹਾਂ ਨੇ ਕਿਸਾਨਾਂ ਅਤੇ ਹੋਰ ਵਸਨੀਕਾਂ ਨੂੰ ਟਿਵਾਣਾ ਤੋਂ ਦਰਿਆ ਦੇ ਟੁੱਟੇ ਵਹਿਣ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆਉਣ ਲਈ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜਨੀਅਰ ਡਰੇਨੇਜ ਰਜਤ ਗਰੋਵਰ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਤੁਰੰਤ ਪ੍ਰਭਾਵ ਨਾਲ ਬਣਦੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਕੇਂਦਰੀ ਟੀਮ ਵੱਲੋਂ ਇਸ ਖੇਤਰ ਦਾ ਦੌਰਾ ਕਰਨ ਦੀ ਉਮੀਦ ਕੀਤੀ ਹੈ ਅਤੇ ਪ੍ਰਸ਼ਾਸਨ ਜ਼ਮੀਨੀ ਹਕੀਕਤ ਦਿਖਾ ਕੇ ਰਾਹਤ ਵੰਡ ਦੇ ਨਿਯਮਾਂ ਵਿੱਚ ਢਿੱਲ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਗਾਰੇ ਅਤੇ ਮਿੱਟੀ ਨਾਲ ਭਰੇ ਖੇਤਾਂ ਨੂੰ ਸਾਫ਼ ਕਰਨ ਲਈ ਅਸਥਾਈ ਮਾਈਨਿੰਗ ਪਰਮਿਟਾਂ ਦੀ ਮੰਗ ‘ਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਇਸ ‘ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਲ, ਭੌਂ ਰੱਖਿਆ, ਖੇਤੀਬਾੜੀ ਅਤੇ ਡਰੇਨੇਜ ਵਿਭਾਗਾਂ ਨੂੰ ਪੀੜਤਾਂ ਦੇ ਹੋਏ ਪੂਰੇ ਨੁਕਸਾਨ ਨੂੰ ਦਰਜ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਤੁਰੰਤ ਪ੍ਰਭਾਵ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਵੀ ਜਾਰੀ ਕਰਾਂਗੇ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਕਸੀਅਨ ਮੰਡੀ ਬੋਰਡ ਗੌਰਵ, ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਬੀ ਡੀ ਪੀ ਓ ਰਵਨੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Scroll to Top