July 7, 2024 4:00 pm
AQI

ਪਿਛਲੇ ਸਾਲ ਦੇ ਮੁਕਾਬਲੇ, ਦੀਵਾਲੀ ‘ਤੇ ਪੰਜਾਬ ਦਾ AQI 22.8% ਸੁਧਰਿਆ, ਪੰਜਾਬ ਸਰਕਾਰ ਦੇ ਯਤਨ ਪਾਣੀ, ਹਵਾ ਅਤੇ ਮਿੱਟੀ ਲਈ ਚੰਗੇ ਨਤੀਜੇ ਦੇ ਰਹੇ ਹਨ: ‘ਆਪ’

ਚੰਡੀਗੜ੍ਹ, 14 ਨਵੰਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੀਵਾਲੀ ਮੌਕੇ ਪੰਜਾਬ ਵਿੱਚ AQI ਨੂੰ ਮੱਧਮ ਰੱਖਣ ਵਿੱਚ ਸਫਲ ਰਹਿਣ ਲਈ ਸੂਬੇ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ। ਦੀਵਾਲੀ ‘ਤੇ ਪੰਜਾਬ ਨੇ (12 ਨਵੰਬਰ ਨੂੰ ਸਵੇਰੇ 7 ਵਜੇ ਤੋਂ 13 ਨਵੰਬਰ ਨੂੰ ਸਵੇਰੇ 6 ਵਜੇ ਤੱਕ) ਔਸਤ AQI 207 ਰਿਕਾਰਡ ਕੀਤਾ ਜੋ ਪਿਛਲੇ ਸਾਲ ਨਾਲੋਂ ਮੱਧਮ ਅਤੇ ਮਹੱਤਵਪੂਰਨ ਤੌਰ ‘ਤੇ ਬਿਹਤਰ ਸੀ।

ਅੱਜ ਬੁਲਾਰੇ ਬੱਬੀ ਬਾਦਲ ਅਤੇ ਬਿਕਰਮਜੀਤ ਪਾਸੀ ਦੇ ਨਾਲ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਤੋਂ ‘ਆਪ’ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ‘ਚ ਇਸ ਸਾਲ ਹਵਾ ਗੁਣਵੱਤਾ ਸੂਚਕ ਅੰਕ ਪਿਛਲੇ ਸਾਲ (2022) ਦੇ ਮੁਕਾਬਲੇ 22.8 ਫੀਸਦੀ ਬਿਹਤਰ ਰਿਹਾ। 2021 ਦੀ ਦੀਵਾਲੀ ਦੇ ਮੁਕਾਬਲੇ 2022 ਵਿੱਚ ਹਵਾ ਗੁਣਵੱਤਾ ਸੂਚਕਾਂਕ 7.6% ਬਿਹਤਰ ਰਿਹਾ ਅਤੇ ਇਸ ਸਾਲ ਹੋਰ ਸੁਧਾਰ ਦਰਜ ਕੀਤਾ ਗਿਆ।

2021 ਵਿੱਚ ਦੀਵਾਲੀ ਵਾਲੇ ਦਿਨ ਸਵੇਰੇ 7 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਹਵਾ ਗੁਣਵੱਤਾ ਸੂਚਕ ਅੰਕ 268 ਸੀ, ਜਦੋਂ ਕਿ ਪਿਛਲੇ ਸਾਲ ਹਵਾ ਗੁਣਵੱਤਾ ਸੂਚਕ ਅੰਕ 224 ਸੀ, ਇਸ ਸਾਲ ਇਹ 207 ਸੀ।

ਸੰਘੇੜਾ ਨੇ ਕਿਹਾ ਕਿ ਇਹ ਮਾਨ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਛੇ ਸ਼ਹਿਰਾਂ ਅੰਮ੍ਰਿਤਸਰ,ਜਲੰਧਰ, ਲੁਧਿਆਣਾ,ਖੰਨਾ,ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਲਗਾਤਾਰ ਅੰਬੀਏਂਟ ਏਅਰ ਕੁਆਲਿਟੀ ਮਾਨੀਟਰ ਸਟੇਸ਼ਨ ਸਥਾਪਿਤ ਕੀਤੇ ਹਨ, ਜੋ ਲਗਾਤਾਰ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਦੇ ਹਨ ਅਤੇ ਸਹੀ ਡਾਟਾ ਇਕੱਤਰ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 70% ਕਮੀ ਆਈ ਹੈ, ਜੋ ਕਿ ਬਿਹਤਰ ਹਵਾ ਦੀ ਗੁਣਵੱਤਾ ਦਾ ਇੱਕ ਵੱਡਾ ਕਾਰਕ ਹੈ। ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਪਾਣੀ, ਹਵਾ ਅਤੇ ਮਿੱਟੀ ਨੂੰ ਬਚਾਉਣ ਅਤੇ ਸੂਬੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਲਗਭਗ 1 ਲੱਖ 40 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ ਹਨ ਜੋ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਹਨ।

ਇਨ੍ਹਾਂ ਮਸ਼ੀਨਾਂ ‘ਤੇ ਸਹਿਕਾਰੀ ਸਭਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ 80% ਸਬਸਿਡੀ ਮਿਲਦੀ ਹੈ ਅਤੇ ਲੋਕਾਂ ਨੂੰ 50% ਸਬਸਿਡੀ ਮਿਲਦੀ ਹੈ। ਇਨ੍ਹਾਂ ਮਸ਼ੀਨਾਂ ਨੂੰ ਖਰੀਦਣ ਲਈ ਵੱਧ ਤੋਂ ਵੱਧ ਸੰਸਥਾਵਾਂ ਅਤੇ ਸੁਸਾਇਟੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਸਾਨ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਸਿੱਖਿਆ, ਜਾਗਰੂਕਤਾ ਅਤੇ ਸਾਧਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਜੈਵਿਕ ਬਾਲਣ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਆਮਦਨ ਦੇ ਵਾਧੂ ਸਰੋਤ ਮਿਲ ਰਹੇ ਹਨ।

ਸੰਘੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਸ਼ੀਨਰੀ ਅਤੇ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੱਜੀ ਦਿਲਚਸਪੀ ਅਤੇ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ 70 ਪ੍ਰਤੀਸ਼ਤ ਘੱਟ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ, ਪੂਸਾ-44 ਵਰਗੀਆਂ ਕਿਸਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਸਾਡਾ ਉਦੇਸ਼ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨਾ ਹੈ।

ਅੰਤ ਵਿੱਚ ‘ਆਪ’ ਦੇ ਬੁਲਾਰੇ ਨੇ ਕੇਂਦਰ ਸਰਕਾਰ ਨੂੰ ਵੀ ਅਜਿਹੇ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਇਸ ਸਮੱਸਿਆ ਨਾਲ ਸਹੀ ਢੰਗ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਦਾਲਾਂ ਅਤੇ ਮੱਕੀ ਸਮੇਤ 22 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।