ਸਪੋਰਟਸ, 16 ਅਕਤੂਬਰ 2025: ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ 2030 ਰਾਸ਼ਟਰਮੰਡਲ ਖੇਡਾਂ (Commonwealth Games) ਦੀ ਮੇਜ਼ਬਾਨੀ ਲਈ ਅਹਿਮਦਾਬਾਦ ਨੂੰ ਨਾਮਜ਼ਦ ਕੀਤਾ ਹੈ। 26 ਨਵੰਬਰ ਨੂੰ ਗਲਾਸਗੋ ‘ਚ ਹੋਣ ਵਾਲੀ ਰਾਸ਼ਟਰਮੰਡਲ ਖੇਡਾਂ ਦੀ ਬੈਠਕ ‘ਚ ਅੰਤਿਮ ਫੈਸਲਾ ਲਿਆ ਜਾਵੇਗਾ।
ਭਾਰਤ ਨੂੰ ਮੇਜ਼ਬਾਨੀ ਦੇ ਅਧਿਕਾਰਾਂ ਲਈ ਅਬੂਜਾ, ਨਾਈਜੀਰੀਆ ਤੋਂ ਮੁਕਾਬਲਾ ਕਰਨਾ ਪੈ ਰਿਹਾ ਸੀ। ਹਾਲਾਂਕਿ, ਰਾਸ਼ਟਰਮੰਡਲ ਕਾਰਜਕਾਰੀ ਬੋਰਡ 2034 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ‘ਚ ਨਾਈਜੀਰੀਆ ਦਾ ਸਮਰਥਨ ਕਰੇਗਾ।
ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ 2030 ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ, ਭਾਰਤ ਨੂੰ ਮੇਜ਼ਬਾਨ ਸ਼ਹਿਰ ਵਜੋਂ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਹੁਣ ਤੱਕ ਇੱਕ ਵਾਰ 2010 ‘ਚ ਨਵੀਂ ਦਿੱਲੀ ‘ਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ |
ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਕਿਹਾ ਕਿ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਤੋਂ ਹਟਾਏ ਸਾਰੇ ਖੇਡਾਂ 2030 ‘ਚ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ‘ਚ ਸ਼ੂਟਿੰਗ, ਕੁਸ਼ਤੀ, ਬੈਡਮਿੰਟਨ, ਹਾਕੀ, ਤੀਰਅੰਦਾਜ਼ੀ, ਕਬੱਡੀ ਅਤੇ ਖੋ-ਖੋ ਸ਼ਾਮਲ ਹਨ।
ਭਾਰਤ ਨੇ ਇਸ ਸਾਲ 29 ਅਗਸਤ ਨੂੰ ਲੰਡਨ ‘ਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਬੋਲੀ ਜਮ੍ਹਾਂ ਕਰਵਾਈ। ਗੁਜਰਾਤ ਸਰਕਾਰ ਦੇ ਉਸ ਸਮੇਂ ਦੇ ਖੇਡ ਮੰਤਰੀ ਹਰਸ਼ ਸੰਘਵੀ ਨੇ ਰਾਸ਼ਟਰਮੰਡਲ ਖੇਡਾਂ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਭਾਰਤ ਲਈ ਇੱਕ ਮਾਣ ਵਾਲਾ ਦਿਨ: ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ‘ਤੇ ਲਿਖਿਆ, “ਇਹ ਭਾਰਤ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਦਿਨ ਹੈ। ਰਾਸ਼ਟਰਮੰਡਲ ਐਸੋਸੀਏਸ਼ਨ ਵੱਲੋਂ ਭਾਰਤ ਨੂੰ ਅਹਿਮਦਾਬਾਦ ‘ਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦਾ ਅਧਿਕਾਰ ਦੇਣ ‘ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ।”
Read More: ਭਾਰਤ ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਪੇਸ਼ ਕਰੇਗਾ ਦਾਅਵਾ