July 2, 2024 8:56 pm
Amazon forest

Colombia: ਐਮਾਜ਼ਾਨ ਜੰਗਲ ‘ਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਜ਼ਿੰਦਾ ਬਚਾਇਆ

ਚੰਡੀਗੜ੍ਹ,10 ਜੂਨ 2023: ਕੋਲੰਬੀਆ ਦੇ ਐਮਾਜ਼ਾਨ ਜੰਗਲਾਂ (Amazon forest) ਵਿੱਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਇਹ ਸਾਰੇ ਬੱਚੇ ਭੈਣ-ਭਰਾ ਹਨ। ਫੌਜੀ ਜਵਾਨਾਂ ਨੇ ਸ਼ੁੱਕਰਵਾਰ ਨੂੰ ਕੋਲੰਬੀਆ ਦੇ ਕੈਕੇਟਾ ਅਤੇ ਗੁਆਵਿਆਰੇ ਸੂਬਿਆਂ ਦੀ ਸਰਹੱਦ ‘ਤੇ ਬੱਚਿਆਂ ਨੂੰ ਲੱਭ ਲਿਆ ਹੈ । ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਦਿਨ ਨੂੰ ਜਾਦੂਈ ਦਿਨ ਕਿਹਾ ਹੈ। ਇਨ੍ਹਾਂ ਬੱਚਿਆਂ ਦੀ ਉਮਰ 13, 9, 4 ਅਤੇ ਇੱਕ ਸਾਲ ਹੈ। ਰਾਸ਼ਟਰਪਤੀ ਨੇ ਫੌਜੀ ਜਵਾਨਾਂ ਨਾਲ ਇਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

ਇਹ ਹਾਦਸਾ 1 ਮਈ ਨੂੰ ਹੋਇਆ ਸੀ। ਇਸ ਹਾਦਸੇ ‘ਚ ਪਾਇਲਟ ਸਮੇਤ 3 ਜਣਿਆ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਮਾਂ ਵੀ ਇਸ ਵਿੱਚ ਸ਼ਾਮਲ ਸੀ। ਹਾਦਸੇ ਤੋਂ ਬਾਅਦ ਚਾਰੇ ਬੱਚੇ ਲਾਪਤਾ ਹੋ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਲੰਬੀਆ ਦੀ ਸਰਕਾਰ ਅਤੇ ਫੌਜ ਨੇ ਬੱਚਿਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਸੀ । ਜਹਾਜ਼ ਦਾ ਮਲਬਾ ਹਾਦਸੇ ਦੇ 16 ਦਿਨ ਬਾਅਦ ਯਾਨੀ 16 ਮਈ ਨੂੰ ਮਿਲਿਆ ਸੀ। ਮਲਬੇ ‘ਚੋਂ ਪਾਇਲਟ ਸਮੇਤ 3 ਲਾਸ਼ਾਂ ਮਿਲੀਆਂ ਹਨ।

Image

ਹਾਦਸੇ ਤੋਂ ਬਾਅਦ ਸਰਕਾਰ ਅਤੇ ਫੌਜ ਨੇ ਹੋਪ ਆਪਰੇਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜੰਗਲ ਵਿੱਚੋਂ ਬੱਚਿਆਂ ਦਾ ਸਮਾਨ ਬਰਾਮਦ ਹੋਇਆ। ਇਸ ਵਿੱਚ ਕੈਂਚੀ, ਦੁੱਧ ਦੀ ਬੋਤਲ, ਵਾਲ-ਟਾਈ ਅਤੇ ਅਸਥਾਈ ਪਨਾਹ ਸ਼ਾਮਲ ਸੀ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ। ਤਲਾਸ਼ੀ ਦੌਰਾਨ ਬੱਚਿਆਂ ਦੀ ਦਾਦੀ ਦੀ ਆਵਾਜ਼ ਵਿੱਚ ਫੌਜੀ ਹੈਲੀਕਾਪਟਰ ਤੋਂ ਰਿਕਾਰਡ ਕੀਤਾ ਸੁਨੇਹਾ ਵੀ ਵਜਾਇਆ ਗਿਆ, ਤਾਂ ਜੋ ਬੱਚੇ ਇੱਕ ਥਾਂ ਰੁਕ ਸਕਣ ਜਾਂ ਕੋਈ ਸੰਕੇਤ ਦੇ ਸਕਣ।

Image

ਇਸ ਤੋਂ ਬਾਅਦ 17 ਮਈ ਨੂੰ ਰਾਸ਼ਟਰਪਤੀ ਨੇ ਬੱਚਿਆਂ ਨੂੰ ਮਿਲਣ ਬਾਰੇ ਟਵੀਟ ਕੀਤਾ। ਹਾਲਾਂਕਿ ਤਲਾਸ਼ੀ ਮੁਹਿੰਮ ‘ਚ ਸ਼ਾਮਲ ਫੌਜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਬੱਚੇ ਕਿਸੇ ਨੂੰ ਲੱਭੇ ਹਨ, ਉਹ ਉਨ੍ਹਾਂ ਦੀ ਹਿਰਾਸਤ ਵਿਚ ਨਹੀਂ ਹਨ। ਇਸ ਤੋਂ ਬਾਅਦ ਰਾਸ਼ਟਰਪਤੀ ਨੂੰ ਕੋਲੰਬੀਆ ‘ਚ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ |