Mukhtar Ansari

ਮੁੱਖ ਮੰਤਰੀ ਦਾ ਸਨਸਨੀਖ਼ੇਜ਼ ਖੁਲਾਸਾ: ਕੈਪਟਨ ਸਰਕਾਰ ਨੇ ਮੁਖ਼ਤਾਰ ਅੰਸਾਰੀ ਦੇ ਪੁੱਤਾਂ ਨੂੰ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ

ਚੰਡੀਗੜ੍ਹ, 4 ਜੁਲਾਈ 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ (Mukhtar Ansari) ਨਾਲ ਗੰਢ-ਤੁੱਪ ਸਬੰਧੀ ਸਨਸਨੀਖ਼ੇਜ਼ ਖੁਲਾਸਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਖਿਆ ਕਿ ਭਾਜਪਾ ਆਗੂ ਨੇ ਅੰਸਾਰੀ ਦੇ ਪੁੱਤਾਂ ਨੂੰ ਰੂਪਨਗਰ ਵਿੱਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ ਸੀ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਭਾਵੇਂ ਵਾਰ-ਵਾਰ ਅੰਸਾਰੀ ਨੂੰ ਨਾ ਜਾਣਦਾ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਇਹ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੈਪਟਨ ਸਰਕਾਰ ਨੇ ਇਸ ਗੈਂਗਸਟਰ ਦੀ ਨਾ ਸਿਰਫ਼ ਜੇਲ੍ਹ ਵਿੱਚ ਠਹਿਰ ਨੂੰ ਆਰਾਮਦਾਇਕ ਬਣਾਇਆ, ਸਗੋਂ ਉਸ ਨੂੰ ਰੂਪਨਗਰ ਵਿੱਚ ਮਹਿੰਗੀ ਜ਼ਮੀਨ ਵੀ ਦਿੱਤੀ। ਉਨ੍ਹਾਂ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਕਿ ਉਨ੍ਹਾਂ ਦੀ ਸਾਂਝ-ਭਿਆਲੀ ਤੋਂ ਬਿਨਾਂ ਰੂਪਨਗਰ ਵਿੱਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅੰਸਾਰੀ ਦੇ ਪੁੱਤਰਾਂ ਅੱਬਾਸ ਤੇ ਉਮਰ ਅੰਸਾਰੀ ਨੂੰ ਕਿਵੇਂ ਮਿਲ ਗਈ। ਭਗਵੰਤ ਮਾਨ ਨੇ ਕਿਹਾ ਕਿ ਜੇ ਕੈਪਟਨ ਚਾਹੁੰਦੇ ਹਨ ਤਾਂ ਉਹ ਕੈਪਟਨ ਦੀ ਅੰਸਾਰੀ ਨਾਲ ਸਾਂਝ ਬਾਰੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਬੂਤ ਵੀ ਦੇ ਦੇਣਗੇ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਦੇ ਮੁੱਦੇ ਬਾਰੇ ਅਣਜਾਣਤਾ ਦਾ ਢਕਵੰਜ ਕਰਨ ਤੋਂ ਪਹਿਲਾਂ ਭਾਜਪਾ ਆਗੂ ਨੂੰ ਆਪਣੇ ਪੁੱਤ ਰਣਇੰਦਰ ਸਿੰਘ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਣਇੰਦਰ ਕਈ ਵਾਰ ਅੰਸਾਰੀ ਨੂੰ ਮਿਲਿਆ ਸੀ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਗੁਮਰਾਹ ਕਰਨ ਲਈ ਕੈਪਟਨ ਇਸ ਮੁੱਦੇ ਉਤੇ ਝੂਠ ਬੋਲ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅੰਸਾਰੀ (Mukhtar Ansari) ਨੂੰ ਜੇਲ੍ਹ ਵਿੱਚ ਵੀ.ਵੀ.ਆਈ.ਪੀ. ਸਹੂਲਤਾਂ ਦੇਣ ਲਈ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਗੈਂਗਸਟਰ ਦੀ ਹਿਰਾਸਤ ਲੈਣ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਫੀਸ ਉਤੇ ਵਕੀਲਾਂ ਦੀਆਂ ਸੇਵਾਵਾਂ ਲਈਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਸ 55 ਲੱਖ ਰੁਪਏ ਦੀ ਰਿਕਵਰੀ ਯਕੀਨੀ ਤੌਰ ਉਤੇ ਕੈਪਟਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੀਤੀ ਜਾਵੇਗੀ। ਕੈਪਟਨ ਦੇ ਦਾਅਵੇ ਕਿ ਉਹ 9.5 ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਹਨ, ਉਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਜਿੰਨਾ ਸਫ਼ਰ ਕੀਤਾ, ਉਨਾ ਤਾਂ ਉਨ੍ਹਾਂ ਮੁੱਖ ਮੰਤਰੀ ਵਜੋਂ ਆਪਣੇ ਡੇਢ ਸਾਲ ਦੇ ਕਾਰਜਕਾਲ ਵਿੱਚ ਹੀ ਕਰ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਤੇ ਉਹ ਇਕੱਠੇ ਲੋਕ ਸਭਾ ਦੇ ਮੈਂਬਰ ਰਹੇ ਸਨ ਅਤੇ ਇਹ ਰਿਕਾਰਡ ਹੈ ਕਿ ਇਸ ਦੌਰਾਨ ਕੈਪਟਨ ਦੀ ਹਾਜ਼ਰੀ ਸਿਰਫ਼ ਛੇ ਫੀਸਦੀ ਸੀ, ਜੋ ਕਿ ਭਾਰਤ ਭਰ ਵਿੱਚੋਂ ਸਭ ਤੋਂ ਘੱਟ ਹੈ, ਜਦੋਂ ਕਿ ਇਸ ਦੇ ਮੁਕਾਬਲੇ ਮੇਰੀ ਹਾਜ਼ਰੀ 90 ਫੀਸਦੀ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਯਾਸ਼ੀ ਰਾਜਾ ਹੈ, ਜਿਹੜਾ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਦੀ ਪਰਵਾਹ ਨਾ ਕਰਦਿਆਂ ਹਮੇਸ਼ਾ ਲੋਕਾਂ ਤੋਂ ਦੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵਿਧਾਇਕ ਤੇ ਸੰਸਦ ਮੈਂਬਰ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਵਜੋਂ ਆਪਣੇ ਫ਼ਰਜ਼ ਨਿਭਾਉਣ ਵਿੱਚ ਨਾਕਾਮ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਕੈਪਟਨ ਸੰਸਦ ਮੈਂਬਰ ਬਣਿਆ ਤਾਂ ਉਹ ਸੰਸਦ ਵਿੱਚ ਨਹੀਂ ਗਿਆ ਅਤੇ ਜਦੋਂ ਮੁੱਖ ਮੰਤਰੀ ਬਣਿਆ ਤਾਂ ਸਕੱਤਰੇਤ ਵਿੱਚ ਨਹੀਂ ਗਿਆ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਕਿੰਨਾ ਅਸਮਰੱਥ ਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੈ।

Scroll to Top