Maha Kumbh 2025 Live Updates: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (Prayagraj) ‘ਚ 13 ਜਨਵਰੀ ਤੋਂ ਮਹਾਂਕੁੰਭ ਸ਼ੁਰੂ ਹੋ ਰਿਹਾ ਹੈ | ਪ੍ਰਯਾਗਰਾਜ ਸ਼ਹਿਰ ਪੂਰੀ ਦੁਨੀਆ ‘ਚ ਕਾਫ਼ੀ ਮਸ਼ਹੂਰ ਹੈ। ਮਹਾਂਕੁੰਭ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਿੰਦੂ ਧਰਮ ‘ਚ ਕੁੰਭ ਮੇਲਾ ਹਰ 12 ਸਾਲਾਂ ‘ਚ ਚਾਰ ਪਵਿੱਤਰ ਸਥਾਨਾਂ ‘ਤੇ ਲੱਗਦਾ ਹੈ | ਮਹਾਂਕੁੰਭ ਮੇਲੇ ਦੀ ਹਰ ਅਪਡੇਟ ਲਈ ਸਾਡੀ ‘ਦ ਅਨਮਿਊਟ’ ਵੈੱਬਸਾਈਟ ਨਾਲ ਜੁੜੇ ਰਹੋ |
ਸਾਰੀਆਂ ਰੇਲਗੱਡੀਆਂ ਦੀ ਹੋਵੇਗੀ ਤਲਾਸ਼ੀ
ਦਿੱਲੀ ਵਿਧਾਨ ਸਭਾ ਚੋਣਾਂ 2025 ਅਤੇ ਗਣਤੰਤਰ ਦਿਵਸ ਤੋਂ ਇਲਾਵਾ, ਪ੍ਰਯਾਗਰਾਜ ‘ਚ ਹੋਣ ਵਾਲੇ ਮਹਾਂਕੁੰਭ ਨੂੰ ਲੈ ਕੇ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਇਸ ਸਬੰਧ ‘ਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਅਧਿਕਾਰੀਆਂ ਵਿਚਕਾਰ ਹੋਈ ਬੈਠਕ ‘ਚ ਫੈਸਲਾ ਲਿਆ ਗਿਆ ਕਿ 13 ਜਨਵਰੀ ਤੋਂ 26 ਫਰਵਰੀ ਤੱਕ ਹੋਣ ਵਾਲੇ ਮਹਾਂਕੁੰਭ ਲਈ ਆਉਣ ਵਾਲੀਆਂ ਸਾਰੀਆਂ ਰੇਲਗੱਡੀਆਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾਵੇਗੀ। ਇਸ ਦੇ ਮੱਦੇਨਜ਼ਰ, ਰਾਜਧਾਨੀ ਦਿੱਲੀ, ਲਖਨਊ ਅਤੇ ਪ੍ਰਯਾਗਰਾਜ ਸਮੇਤ ਯੂਪੀ ਦੇ ਜ਼ਿਆਦਾਤਰ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਹੈ।
ਵਿਸ਼ੇਸ਼ ਰੇਡੀਓ ਚੈਨਲ ਕੁੰਭਬਾਣੀ ਦਾ ਉਦਘਾਟਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਕਾਸ਼ਵਾਣੀ ਦੇ ਵਿਸ਼ੇਸ਼ ਰੇਡੀਓ ਚੈਨਲ, ਕੁੰਭਬਾਣੀ ਦਾ ਉਦਘਾਟਨ ਕੀਤਾ ਹੈ। ਪ੍ਰਯਾਗਰਾਜ ਮਹਾਂਕੁੰਭ ’ਚ ਨਯਾ ਉਦਾਸੀਨ ਅਖਾੜੇ ਦੇ ਸੰਤ ਮਹਾਂਕੁੰਭ ਕੈਂਪ ਵਿੱਚ ਬਹੁਤ ਸ਼ਾਨੋ-ਸ਼ੌਕਤ ਨਾਲ ਪ੍ਰਵੇਸ਼ ਕਰਨਗੇ।
ਸ਼ੰਕਰਾਚਾਰੀਆ ਸਵਾਮੀ ਸਦਾਨੰਦ ਸਰਸਵਤੀ ਨੇ ਮਹਾਂਕੁੰਭ ’ਚ ਗੈਰ-ਹਿੰਦੂਆਂ ਦੇ ਦਾਖਲੇ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਨੂੰ ਵੰਦੇ ਮਾਤਰਮ ਕਹਿਣ ‘ਚ ਮੁਸ਼ਕਿਲ ਆਉਂਦੀ ਹੈ, ਉਨ੍ਹਾਂ ਨੂੰ ਮਹਾਂਕੁੰਭ ‘ਚ ਦਾਖਲੇ ਦੀ ਇਜਾਜ਼ਤ ਕਿਉਂ ਦਿੱਤੀ ਜਾਵੇ।
ਰਾਮਬਾਗ ਅਤੇ ਝੁੰਸੀ ਸਟੇਸ਼ਨਾਂ ‘ਤੇ 46 ਰੇਲ ਗੱਡੀਆਂ ਦਾ ਅਸਥਾਈ ਠਹਿਰਾਅ
ਮਹਾਂਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ, ਰੇਲਵੇ ਨੇ ਰਾਮਬਾਗ ਅਤੇ ਝੁੰਸੀ ਸਟੇਸ਼ਨਾਂ ‘ਤੇ 46 ਟ੍ਰੇਨਾਂ ਨੂੰ ਪੰਜ ਮਿੰਟ ਲਈ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 32 ਰੇਲਗੱਡੀਆਂ ਝੁੰਸੀ ਅਤੇ 14 ਰੇਲਗੱਡੀਆਂ ਰਾਮਬਾਗ ਸਟੇਸ਼ਨ ‘ਤੇ ਰੁਕਣਗੀਆਂ।
ਮਹਾਂਕੁੰਭ ਮੇਲੇ ‘ਚ ਪਖਾਨਿਆਂ ਅਤੇ ਪਾਰਕਿੰਗ ਦੇ ਪ੍ਰਬੰਧ
ਮਹਾਂਕੁੰਭ ਮੇਲੇ 2025 ਲਈ 1.5 ਲੱਖ ਪਖਾਨੇ, 30 ਪੋਂਟੂਨ ਪੁਲ ਅਤੇ 13 ਅਖਾੜੇ ਸਥਾਪਤ ਕੀਤੇ ਗਏ ਹਨ। 5,000 ਏਕੜ ਪਾਰਕਿੰਗ, 550 ਸ਼ਟਲ ਬੱਸਾਂ, 300 ਇਲੈਕਟ੍ਰਿਕ ਬੱਸਾਂ, 3,000 ਵਿਸ਼ੇਸ਼ ਰੇਲਗੱਡੀਆਂ ਅਤੇ 14 ਨਵੀਆਂ ਉਡਾਣਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਮਹਾਂਕੁੰਭ ’ਚ ਕਾਲ ਸੈਂਟਰ ਦੀ ਵਿਵਸਥਾ
ਮਹਾਂਕੁੰਭ ਲਈ ਇੱਕ ਕਾਲ ਸੈਂਟਰ ਸਿਸਟਮ ਦਾ ਪ੍ਰਬੰਧ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਸਾਂਝੀ ਕੀਤੀ ਜਾਵੇਗੀ ਅਤੇ ਜਾਣਕਾਰੀ ਨੂੰ ਵਿਸ਼ਾਲ ਸਕ੍ਰੀਨਾਂ ‘ਤੇ ਫਲੈਸ਼ ਕੀਤਾ ਜਾਵੇਗਾ | ਸ਼ਰਧਾਲੂ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਪ੍ਰਾਪਤ ਕਰ ਸਕਣਗੇ, ਜਿਸ ਨਾਲ ਮਹਾਂਕੁੰਭ ’ਚ ਉਨ੍ਹਾਂ ਦੀ ਯਾਤਰਾ ਸੁਚਾਰੂ ਹੋ ਸਕੇਗੀ।