Himachal buses

CM ਸੁਖਵਿੰਦਰ ਸੁੱਖੂ ਨੇ CM ਮਾਨ ਨਾਲ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਮੁੱਦੇ ‘ਤੇ ਕੀਤੀ ਗੱਲਬਾਤ

ਚੰਡੀਗੜ੍ਹ, 19 ਮਾਰਚ 2025: ਪੰਜਾਬ ‘ਚ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਬੱਸਾਂ ਅਤੇ ਵਾਹਨਾਂ (Himachal buses) ਦੀ ਭੰਨਤੋੜ ਦਾ ਮੁੱਦਾ ਅੱਜ ਇੱਕ ਵਾਰ ਫਿਰ ਹਿਮਾਚਲ ਵਿਧਾਨ ਸਭਾ ‘ਚ ਉੱਠਿਆ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਹੈ। ਸੀਐੱਮ ਭਗਵੰਤ ਮਾਨ ਨੇ ਢੁਕਵੀਂ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

ਹਿਮਾਚਲ (Himachal Pradesh) ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਬਾਰੇ ਗੱਲ ਕੀਤੀ ਤਾਂ ਜੋ ਦੋਵਾਂ ਸੂਬਿਆਂ ਵਿਚਕਾਰ ਭਾਈਚਾਰਾ ਬਰਕਰਾਰ ਰਹੇ।

ਬੀਤੀ ਸ਼ਾਮ ਵੀ ਦੋ ਅਣਪਛਾਤੇ ਨੌਜਵਾਨਾਂ ਨੇ ਪੰਜਾਬ ਦੇ ਖਰੜ ‘ਚ ਚੰਡੀਗੜ੍ਹ ਤੋਂ ਹਮੀਰਪੁਰ ਆ ਰਹੀ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਨੂੰ ਰੋਕਿਆ ਅਤੇ ਉਸ ‘ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਡਰਾਈਵਰ ਅਤੇ ਕੰਡਕਟਰ ਮੁਤਾਬਕ ਹਮਲਾਵਰਾਂ ਨੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸੀ | ਇਹ ਨੌਜਵਾਨ ਆਲਟੋ ਕਾਰ ‘ਚ ਆਏ ਸਨ। ਬੱਸ ਨੂੰ ਨੁਕਸਾਨ ਪਹੁੰਚਾਇਆ ਅਤੇ ਉੱਥੋਂ ਕਾਰ ‘ਚ ਭੱਜ ਗਏ।

ਇਸ ਦੌਰਾਨ ਬੱਸ ਦੇ ਸ਼ੀਸ਼ੇ ਟੁੱਟ ਗਏ। ਬੱਸ ‘ਚ ਬੈਠੇ ਸਾਰੇ ਯਾਤਰੀ ਡਰ ਗਏ। ਇਹ ਹਮਲਾ ਕੱਲ੍ਹ ਸ਼ਾਮ 6:50 ਵਜੇ ਹੋਇਆ। ਹਿਮਾਚਲ ਡਰਾਈਵਰ-ਕੰਡਕਟਰ ਯੂਨੀਅਨ ਦੇ ਪ੍ਰਧਾਨ ਮਾਨ ਸਿੰਘ ਠਾਕੁਰ ਨੇ ਕਿਹਾ, ਜੇਕਰ ਅੱਜ ਇਨ੍ਹਾਂ ਘਟਨਾਵਾਂ ਨੂੰ ਨਾ ਰੋਕਿਆ ਗਿਆ, ਤਾਂ ਐਚਆਰਟੀਸੀ ਡਰਾਈਵਰ-ਕੰਡਕਟਰ ਕੱਲ੍ਹ ਨੂੰ ਪੰਜਾਬ ਲਈ ਬੱਸਾਂ ਨਹੀਂ ਭੇਜਣਗੇ। ਉਹ ਆਪਣੀ ਅਤੇ ਯਾਤਰੀਆਂ ਦੀ ਜਾਨ ਨੂੰ ਜੋਖਮ ‘ਚ ਨਹੀਂ ਪਾ ਸਕਦਾ | ਉਨ੍ਹਾਂ ਪੰਜਾਬ ਸਰਕਾਰ ਤੋਂ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਡੀਐਸਪੀ ਖਰੜ ਕਰਨ ਸੰਧੂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਫਲਾਈਓਵਰ ਨੇੜੇ ਹਿਮਾਚਲ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਡਰਾਈਵਰ, ਕੰਡਕਟਰ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਇਸ ਤੋਂ ਬਾਅਦ ਸੂਚਨਾ ਦੇ ਆਧਾਰ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Read More: ਹਿਮਾਚਲ ਪ੍ਰਦੇਸ਼ ‘ਚ ਪੰਜਾਬ ਦੇ ਨੌਜਵਾਨਾਂ ਤੇ ਸਥਾਨਕ ਲੋਕਾਂ ਵਿਚਾਲੇ ਹੋਈ ਬਹਿਸ, ਇਕ ਵਿਅਕਤੀ ਜ਼ਖਮੀ

Scroll to Top