ਜੰਮੂ-ਕਸ਼ਮੀਰ, 15 ਅਗਸਤ 2025: Kishtwar Cloudburst News: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ‘ਚ ਹੋਏ ਭਿਆਨਕ ਬੱਦਲ ਫਟਣ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ‘ਚ 60 ਜਣੇ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ।
ਉਮਰ ਅਬਦੁੱਲਾ ਨੇ ਕਿਹਾ ਕਿ “ਮੈਨੂੰ ਹੁਣੇ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ ਹੈ। ਮੈਂ ਉਨ੍ਹਾਂ ਨੂੰ ਕਿਸ਼ਤਵਾੜ ਦੀ ਸਥਿਤੀ ਅਤੇ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਸਰਕਾਰ ਬੱਦਲ ਫਟਣ ਤੋਂ ਪ੍ਰਭਾਵਿਤ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਲਈ ਧੰਨਵਾਦੀ ਹੈ |
ਇਸ ਮੌਕੇ ਬਚਾਅ ਕਾਰਜਾਂ ਬਾਰੇ ਐਨਡੀਆਰਐਫ ਅਧਿਕਾਰੀ ਨੇ ਕਿਹਾ, “ਇੱਥੇ ਲੋਕਾਂ ਨੂੰ ਬਚਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਸਾਡੇ ਕੋਲ ਇਸ ਸਮੇਂ ਸਿਰਫ਼ ਇੱਕ ਜੇਸੀਬੀ ਹੈ। ਜਦੋਂ ਜੇਸੀਬੀ ਖੁਦਾਈ ਕਰੇਗੀ, ਤਾਂ ਅਸੀਂ ਉੱਪਰ ਦਬੇ ਲੋਕਾਂ ਨੂੰ ਬਾਹਰ ਕੱਢਾਂਗੇ। ਹੁਣ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਲੋਕ ਹੇਠਾਂ ਦਬੇ ਹੋਏ ਹਨ। ਸਾਨੂੰ ਦੱਸਿਆ ਗਿਆ ਹੈ ਕਿ ਇਸ ਸਮੇਂ ਉੱਥੇ ਘੱਟੋ-ਘੱਟ 100-200 ਜਣੇ ਦਬੇ ਹੋ ਸਕਦੇ ਹਨ।”
ਇੱਕ ਪੀੜਤ ਨੇ ਕਿਹਾ ਕਿ ਅਸੀਂ ਉੱਥੇ ਸੀ, ਅਚਾਨਕ ਧਮਾਕੇ ਵਰਗੀ ਆਵਾਜ਼ ਆਈ ਅਤੇ ਬੱਦਲ ਫਟਣ ਤੋਂ ਬਾਅਦ, ਅਸੀਂ ਉੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ। ਪਰ 2 ਮਿੰਟਾਂ ਦੇ ਅੰਦਰ-ਅੰਦਰ 4 ਫੁੱਟ ਮਲਬਾ ਫੈਲ ਗਿਆ ਸੀ। ਅਸੀਂ ਕੁਝ ਲੋਕਾਂ ਨੂੰ ਬਚਾਉਣ ‘ਚ ਕਾਮਯਾਬ ਹੋ ਗਏ, ਪਰ ਕੁਝ ਲੋਕ ਫਸ ਗਏ। ਅਸੀਂ 11 ਜਣੇ ਸੀ, ਅਸੀਂ ਸੁਰੱਖਿਅਤ ਹਾਂ, ਪਰ ਮੇਰੀ ਧੀ ਅਤੇ ਮੇਰੀ ਪਤਨੀ ਮਲਬੇ ਹੇਠ ਫਸ ਗਏ, ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਕਿਸ਼ਤਵਾੜ ‘ਚ ਅਚਾਨਕ ਹੜ੍ਹ ਦੇ ਇੱਕ ਪੀੜਤ ਨੇ ਕਿਹਾ ਕਿ ਜਦੋਂ ਬੱਦਲ ਫਟਿਆ, ਤਾਂ ਅਸੀਂ ਉੱਡ ਗਏ ਅਤੇ ਮੈਂ ਇੱਕ ਕਾਰ ਹੇਠਾਂ ਫਸ ਗਿਆ | ਮੇਰੀ ਮਾਂ ਬਿਜਲੀ ਦੇ ਖੰਭੇ ਹੇਠ ਫਸ ਗਈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਫੌਜ ਅਤੇ ਸੀਆਰਪੀਐਫ ਦੀਆਂ ਗੱਡੀਆਂ ਤੁਰੰਤ ਪਹੁੰਚ ਗਈਆਂ।
ਐਡੀਸ਼ਨਲ ਐਸਪੀ ਪ੍ਰਦੀਪ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ, ਐਸਡੀਆਰਐਫ, ਫਾਇਰ ਸਰਵਿਸਿਜ਼, ਸੀਆਈਐਸਐਫ, ਸੀਆਰਪੀਐਫ ਅਤੇ ਫੌਜ ਸਮੇਤ ਕੇਂਦਰੀ ਬਲ ਬਚਾਅ ਕਾਰਜ ਕਰ ਰਹੇ ਹਨ। 45 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦੋਂ ਕਿ 100 ਤੋਂ ਵੱਧ ਜ਼ਖਮੀਆਂ ਨੂੰ (ਇਲਾਜ ਲਈ) ਭੇਜਿਆ ਗਿਆ ਹੈ। ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹੋਣ ਦਾ ਖਦਸ਼ਾ ਹੈ। ਹੋਰ ਲਾਪਤਾ ਲੋਕਾਂ ਜਾਂ ਲਾਸ਼ਾਂ ਮਿਲਣ ਬਾਰੇ ਜਾਣਕਾਰੀ ਮਿਲਦੇ ਹੀ ਅਸੀਂ ਅਪਡੇਟ ਕਰਾਂਗੇ। ਐਂਬੂਲੈਂਸਾਂ ਅਤੇ ਸਥਾਨਕ ਲੋਕ ਵੀ ਬਚਾਅ ਕਾਰਜ ਲਈ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। 8-10 ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਪਛਾਣ ਦੀ ਪ੍ਰਕਿਰਿਆ ਜਾਰੀ ਹੈ |
Read More: ਕਿਸ਼ਤਵਾੜ ਜ਼ਿਲ੍ਹੇ ‘ਚ ਫਟਿਆ ਬੱਦਲ, ਭਾਰੀ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ