ਹਰਿਆਣਾ, 07 ਅਕਤੂਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਹਰਿਆਣਾ ‘ਚ ਵਿਸ਼ਵਵਿਆਪੀ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜਾਪਾਨ ਦੇ ਦੌਰੇ ‘ਤੇ ਹਨ।
ਆਪਣੀ ਫੇਰੀ ਦੇ ਦੂਜੇ ਦਿਨ ਮੁੱਖ ਮੰਤਰੀ ਅਤੇ ਵਫ਼ਦ ਨੇ ਟੋਕੀਓ ਤੋਂ ਓਸਾਕਾ ਤੱਕ ਵਿਸ਼ਵ ਪ੍ਰਸਿੱਧ ਸ਼ਿੰਕਨਸੇਨ-ਓਸਾਕਾ ਬੁਲੇਟ ਟ੍ਰੇਨ ‘ਤੇ ਯਾਤਰਾ ਕੀਤੀ। ਆਪਣੇ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਸੁਰੱਖਿਆ ਮਿਆਰਾਂ ਅਤੇ ਸੰਚਾਲਨ ਉੱਤਮਤਾ ਲਈ ਜਾਣੀ ਜਾਂਦੀ, ਇਸ ਟ੍ਰੇਨ ਨੂੰ ਇੱਕ ਆਧੁਨਿਕ ਆਵਾਜਾਈ ਪ੍ਰਣਾਲੀ ਦੀ ਇੱਕ ਸ਼ਾਨਦਾਰ ਉਦਾਹਰਣ ਮੰਨਿਆ ਜਾਂਦਾ ਹੈ।
ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਹੁਣ ਇੱਕ ਤੇਜ਼-ਰਫ਼ਤਾਰ ਆਵਾਜਾਈ ਕ੍ਰਾਂਤੀ ਦੀ ਸ਼ੁਰੂਆਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ “ਵਿਕਸਤ ਭਾਰਤ” ਪਹਿਲਕਦਮੀ ਤਹਿਤ, ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਇੱਕ ਹਾਈ-ਸਪੀਡ ਟ੍ਰੇਨ ਕੋਰੀਡੋਰ ਵਿਕਸਤ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਬੁਲੇਟ ਟ੍ਰੇਨ ਪ੍ਰੋਜੈਕਟ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਾਪਾਨ ਦੀ ਸ਼ਿੰਕਾਨਸੇਨ ਬੁਲੇਟ ਟ੍ਰੇਨ ‘ਤੇ ਯਾਤਰਾ ਕਰਨਾ ਇੱਕ ਪ੍ਰੇਰਨਾਦਾਇਕ ਅਨੁਭਵ ਸੀ। ਛੇਤੀ ਭਾਰਤ ‘ਚ ਸਾਡੇ ਨਾਗਰਿਕ ਵੀ ਇਸੇ ਤਰ੍ਹਾਂ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਕਰਨਗੇ। ਇਹ “ਵਿਕਸਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ।
Read More: ਹਰਿਆਣਾ ਦੇ ਗ੍ਰਹਿ ਵਿਭਾਗ ਵੱਲੋਂ ਸੁਚਾਰੂ ਆਵਾਜਾਈ ਵਿਵਸਥਾ ਸੰਬੰਧੀ ਸਖ਼ਤ ਹੁਕਮ ਜਾਰੀ