ਹਰਿਆਣਾ, 10 ਸਤੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ ਹੜ੍ਹ ਪ੍ਰਭਾਵਿਤ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਨੂੰ ਤੁਰੰਤ 5-5 ਕਰੋੜ ਰੁਪਏ ਭੇਜ ਦਿੱਤੇ ਹਨ। ਕੇਂਦਰ ਸਰਕਾਰ ਵੱਲੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਪੰਜਾਬ ਅਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਦੋਵਾਂ ਸੂਬਿਆਂ ‘ਚ ਹੋਏ ਨੁਕਸਾਨ ਲਈ 3100 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ, ਜਿਸ ‘ਚ ਪੰਜਾਬ ਨੂੰ 1600 ਕਰੋੜ ਰੁਪਏ ਅਤੇ ਹਿਮਾਚਲ ਨੂੰ 1500 ਕਰੋੜ ਰੁਪਏ ਸ਼ਾਮਲ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਕੁਰੂਕਸ਼ੇਤਰ ਦੀ ਪਿਪਲੀ ਅਨਾਜ ਮੰਡੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਪੰਜਾਬ ਲਈ ਰਾਹਤ ਸਮੱਗਰੀ ਦੇ 20 ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟਰੱਕ ਵੱਖ-ਵੱਖ ਜ਼ਿਲ੍ਹਿਆਂ ‘ਚ ਭੇਜੇ ਗਏ ਹਨ। ਇਨ੍ਹਾਂ ਟਰੱਕਾਂ ‘ਚ ਦਾਲਾਂ, ਚੌਲ, ਪਾਣੀ, ਜੂਸ, ਅਚਾਰ, ਮੈਡੀਕਲ ਕਿੱਟਾਂ, ਮੱਛਰਦਾਨੀ, ਤਰਪਾਲਾਂ, ਜਾਨਵਰਾਂ ਲਈ ਹਰਾ ਚਾਰਾ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹਰਿਆਣਾ ਦੇ ਨਾਗਰਿਕਾਂ, ਸਮਾਜਿਕ ਸੰਗਠਨਾਂ, ਕਮੇਟੀਆਂ ਦੀ ਮੱਦਦ ਨਾਲ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਉਨ੍ਹਾਂ ਖੇਤਰਾਂ ਦੇ ਨਾਗਰਿਕਾਂ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕੰਮ ਕਰ ਰਹੀ ਹੈ ਜੋ ਸੇਮ ਨਾਲ ਪ੍ਰਭਾਵਿਤ ਹਨ। ਈ-ਮੁਆਵਜ਼ਾ ਪੋਰਟਲ ਖੋਲ੍ਹਿਆ ਗਿਆ ਹੈ, ਪ੍ਰਭਾਵਿਤ ਨਾਗਰਿਕ ਇਸ ਪੋਰਟਲ ‘ਤੇ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੇਮ ਨਾਲ ਪ੍ਰਭਾਵਿਤ 5786 ਪਿੰਡਾਂ ਦੇ 3 ਲੱਖ 24 ਹਜ਼ਾਰ 583 ਕਿਸਾਨਾਂ ਨੇ 19 ਲੱਖ 22 ਹਜ਼ਾਰ 617 ਏਕੜ ਦੇ ਨੁਕਸਾਨ ਨੂੰ ਦਰਜ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਮੌਤ ਹੋਣ ਦੀ ਸੂਰਤ ‘ਚ ਪਰਿਵਾਰ ਨੂੰ ਤੁਰੰਤ 4 ਲੱਖ ਰੁਪਏ ਦੀ ਰਕਮ ਸਹਾਇਤਾ ਵਜੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ। ਪਿਛਲੇ ਸਾਢੇ 10 ਸਾਲਾਂ ‘ਚ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ 15500 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ ਆਪਣੀ ਇੱਛਾ ਅਨੁਸਾਰ ਹਰਿਆਣਾ ਮੁੱਖ ਮੰਤਰੀ ਰਾਹਤ ਫੰਡ ‘ਚ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਹੈ।
Read More: ਫਸਲ ਤੋਂ ਲੈ ਕੇ ਘਰ ਤੱਕ ਦੇ ਹਰ ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ: ਰਣਬੀਰ ਗੰਗਵਾ




