ਪਲਵਲ, 6 ਜੂਨ 2025: ਸੀਐੱਮ ਨਾਇਬ ਸਿੰਘ ਸੈਣੀ ਵੱਲੋਂ ਪਲਵਲ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਪ੍ਰੋਜੈਕਟਾਂ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਲਵਲ ‘ਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਆਧੁਨਿਕ ਖੇਡ ਕੰਪਲੈਕਸ ਬਣਾਇਆ ਜਾਵੇਗਾ। ਇਸਦੇ ਨਾਲ ਹੀ ਪਲਵਲ ‘ਚ ਇਨਡੋਰ ਸਟੇਡੀਅਮ ਨੂੰ 55 ਲੱਖ ਰੁਪਏ ਦੀ ਲਾਗਤ ਨਾਲ ਸਾਊਂਡਪਰੂਫ ਬਣਾਇਆ ਜਾਵੇਗਾ।
ਪਲਵਲ ‘ਚ ਧੰਨਵਾਦ ਰੈਲੀ ਦੌਰਾਨ ਮੁੱਖ ਮੰਤਰੀ ਨੇ ਸੈਕਟਰ-21 ਟਰਾਂਸਪੋਰਟ ਨਗਰ ‘ਚ ਪਾਰਕਿੰਗ, ਮੀਂਹ ਦੇ ਪਾਣੀ ਦੀ ਨਿਕਾਸੀ, ਡਰੇਨੇਜ ਸਿਸਟਮ, ਜਲ ਸਪਲਾਈ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 50 ਕਰੋੜ ਰੁਪਏ ਦਾ ਐਲਾਨ ਕੀਤਾ ਹੈ।ਸੀਐੱਮ ਨਾਇਬ ਸੈਣੀ ਪਹਿਲਾਂ 40 ਕਰੋੜ 39 ਲੱਖ ਰੁਪਏ ਦੇ 7 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ। ਇਨ੍ਹਾਂ ‘ਚ 15 ਕਰੋੜ 68 ਲੱਖ ਰੁਪਏ ਦੇ 3 ਪ੍ਰੋਜੈਕਟਾਂ ਦਾ ਉਦਘਾਟਨ ਅਤੇ 24 ਕਰੋੜ 71 ਲੱਖ ਰੁਪਏ ਦੇ 4 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।
ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਪਲਵਲ ਵਿਧਾਨ ਸਭਾ ਹਲਕੇ ‘ਚ 152 ਕਿਲੋਮੀਟਰ ਦੀਆਂ 75 ਸੜਕਾਂ, ਜੋ ਇਸ ਸਮੇਂ ਗਰੰਟੀ ਦੀ ਮਿਆਦ ‘ਚ ਹਨ, ਉਨ੍ਹਾਂ ਦੀ ਮੁਰੰਮਤ ਸਬੰਧਤ ਏਜੰਸੀਆਂ ਰਾਹੀਂ ਕੀਤੀ ਜਾਵੇਗੀ। ਨਾਲ ਹੀ, ਉਨ੍ਹਾਂ ਨੇ 37.5 ਕਿਲੋਮੀਟਰ ਦੀਆਂ 8 ਸੜਕਾਂ ਦੀ ਮੁਰੰਮਤ ਲਈ 37 ਕਰੋੜ 57 ਲੱਖ ਰੁਪਏ ਅਤੇ 54.5 ਕਿਲੋਮੀਟਰ ਲੰਬਾਈ ਦੀਆਂ 26 ਸੜਕਾਂ ਦੇ ਨਵੀਨੀਕਰਨ ਲਈ 40 ਕਰੋੜ 18 ਲੱਖ ਰੁਪਏ ਦਾ ਐਲਾਨ ਕੀਤਾ।
ਉਨ੍ਹਾਂ ਨੇ ਜਨੌਲੀ ਡਿਸਟ੍ਰੀਬਿਊਟਰ ਦੇ ਰੀਮਾਡਲਿੰਗ ਲਈ 50 ਲੱਖ ਰੁਪਏ ਅਤੇ 5 ਪਿੰਡਾਂ ‘ਚ ਵੀਆਰ ਬ੍ਰਿਜ ਲਈ 13 ਕਰੋੜ ਰੁਪਏ ਦਾ ਐਲਾਨ ਕੀਤਾ। ਜ਼ਮੀਨ ਦੀ ਉਪਲਬਧਤਾ ‘ਤੇ, ਮੁਸਤਫਾਬਾਦ ‘ਚ ਇੱਕ 66 ਕੇਵੀ ਸਬਸਟੇਸ਼ਨ ਅਤੇ ਪਲਵਲ ‘ਚ ਲਾਈਨ ਪਾਰ ਖੇਤਰ ‘ਚ ਇੱਕ 220 ਕੇਵੀ ਸਬਸਟੇਸ਼ਨ ਬਣਾਇਆ ਜਾਵੇਗਾ। ਉਨ੍ਹਾਂ ਨੇ ਪਲਵਲ ਸ਼ਹਿਰ ‘ਚ ਜ਼ਮੀਨ ਦੀ ਉਪਲਬੱਧਤਾ ‘ਤੇ ਵਿਭਾਗੀ ਨਿਯਮਾਂ ਅਨੁਸਾਰ ਦੋ ਨਵੇਂ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਲਵਲ ਸ਼ਹਿਰ ਦੇ ਬਾਹਰ ਜ਼ਮੀਨ ਦੀ ਉਪਲਬੱਧਤਾ ‘ਤੇ ਇੱਕ ਨਵੀਂ ਅਨਾਜ ਮੰਡੀ ਬਣਾਈ ਜਾਵੇਗੀ। ਵਾਰਡ ਨੰਬਰ 1 ਤੋਂ 10 ‘ਚ ਕਲੋਨੀਆਂ ‘ਚ ਕੱਚੇ ਲੇਨ ਪੱਕੇ ਕੀਤੇ ਜਾਣਗੇ। ਉਨ੍ਹਾਂ ਨੇ ਪਲਵਲ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਕਮਿਊਨਿਟੀ ਸੈਂਟਰਾਂ ਲਈ 5 ਕਰੋੜ ਰੁਪਏ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਪਲਵਲ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਡਰੇਨੇਜ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ। ਬੜੋਲੀ ਨੂੰ ਸਬ-ਤਹਿਸੀਲ ਬਣਾਉਣ ਲਈ ਇਸ ਸਬੰਧ ‘ਚ ਬਣਾਈ ਕਮੇਟੀ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਹੋਰ ਮੰਗਾਂ ਵੀ ਉਨ੍ਹਾਂ ਦੀ ਵਿਵਹਾਰਕਤਾ ਦੀ ਜਾਂਚ ਕਰਵਾਉਣ ਤੋਂ ਬਾਅਦ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਗਰਾ ਨਹਿਰ ਦੇ ਟਰੈਕ ‘ਤੇ ਸੜਕ ਬਣਾਉਣ ਦਾ ਕੰਮ ਇਸਦੀ ਵਿਵਹਾਰਕਤਾ ਦੀ ਜਾਂਚ ਕਰਵਾਉਣ ਤੋਂ ਬਾਅਦ ਕੀਤਾ ਜਾਵੇਗਾ। ਪਲਵਲ ਵਿਧਾਨ ਸਭਾ ਹਲਕੇ ਦੇ ਪੇਂਡੂ ਖੇਤਰਾਂ ਦੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦੀ ਵੱਖਰੀ ਰਕਮ ਦਾ ਵੀ ਐਲਾਨ ਕੀਤਾ ਗਿਆ।