Manu Bhaker

CM ਨਾਇਬ ਸਿੰਘ ਨੇ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 9 ਅਗਸਤ 2024: ਪੈਰਿਸ ਓਲੰਪਿਕ ਦੀਆਂ ਕਾਂਸੀ ਤਮਗਾ ਜੇਤੂ ਮਨੂ ਭਾਕਰ (Manu Bhaker) ਅਤੇ ਸਰਬਜੋਤ ਸਿੰਘ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟੀਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਦੋਵਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ‘ਚ ਵੀ ਉਨ੍ਹਾਂ ਦੇ ਉੱਚ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਸਰਬਜੋਤ ਸਿੰਘ (Sarbjot Singh) ਅਤੇ ਮਨੂ ਭਾਕਰ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਵੀ ਮੌਜੂਦ ਸਨ। ਦੋਵਾਂ ਖਿਡਾਰੀਆਂ ਨੇ ਪੈਰਿਸ ਓਲੰਪਿਕ ‘ਚ ਆਪਣੇ ਤਜ਼ਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ। ਇਸ ਮੌਕੇ ਖੇਡ ਰਾਜ ਮੰਤਰੀ ਸੰਜੇ ਸਿੰਘ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਹਮੇਸ਼ਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਾਨੂੰ ਹਰਿਆਣਾ ਦੇ ਖਿਡਾਰੀਆਂ ਦੀਆਂ ਉਪਲਬਧੀਆਂ ‘ਤੇ ਬਹੁਤ ਮਾਣ ਹੈ। ਛੇਤੀ ਹੀ ਰਾਜ ਪੱਧਰੀ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗਾ ਜਿੱਤਣ ‘ਤੇ ਵੀ ਵਧਾਈ ਦਿੱਤੀ | ਹਾਕੀ ‘ਚ ਵੀ ਸੂਬੇ ਦੇ ਤਿੰਨ ਖਿਡਾਰੀਆਂ ਨੇ ਕਾਂਸੀ ਦੇ ਤਮਗੇ ਜਿੱਤੇ ਹਨ। ਉਨ੍ਹਾਂ ਕਿਹਾ ਕਿ 2 ਫੀਸਦੀ ਤੋਂ ਘੱਟ ਆਬਾਦੀ ਵਾਲੇ ਹਰਿਆਣਾ ਨੇ ਓਲੰਪਿਕ ਖੇਡਾਂ ‘ਚ ਇੱਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਵੱਲੋਂ ਹੁਣ ਤੱਕ ਜਿੱਤੇ ਗਏ 5 ਮੈਡਲਾਂ ਵਿੱਚੋਂ 4 ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ, ਜੋ ਕਿ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ‘ਤੇ ਮਨੂ ਭਾਕਰ (Manu Bhaker) ਨੇ ਕਿਹਾ ਕਿ ਹਰਿਆਣਾ ਦੀ ਅਮੀਰ ਸੰਸਕ੍ਰਿਤੀ ਅਤੇ ਚੰਗੀ ਖਾਣ-ਪੀਣ ਦੀਆਂ ਆਦਤਾਂ ਨੇ ਸੂਬੇ ਦੇ ਖਿਡਾਰੀਆਂ ਵਿਚ ਖੇਡ ਪ੍ਰਤਿਭਾ ਦੇ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮਨੂ ਭਾਕਰ ਨੇ ਸੂਬੇ ਦੀ ਖੇਡ ਨੀਤੀ ਨੂੰ ਦੇਸ਼ ‘ਚ ਸਰਵੋਤਮ ਦੱਸਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਹਮੇਸ਼ਾ ਸਾਡੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਮੱਦਦ ਪ੍ਰਦਾਨ ਕੀਤੀ ਹੈ।

ਸਰਬਜੋਤ ਸਿੰਘ ਨੇ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਜ ਦੀ ਖੇਡ ਨੀਤੀ ਦੇਸ਼ ‘ਚ ਸਰਵੋਤਮ ਹੈ ਅਤੇ ਰਾਜ ਸਰਕਾਰ ਵੱਲੋਂ ਮਿਲ ਰਿਹਾ ਸਮਰਥਨ ਯਕੀਨੀ ਤੌਰ ‘ਤੇ ਖਿਡਾਰੀਆਂ ਦਾ ਮਨੋਬਲ ਵਧਾਉਂਦਾ ਹੈ। ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ‘ਚ ਹਰਿਆਣਾ ਦੇ ਦਬਦਬੇ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਭਾਰਤੀ ਅਥਲੀਟਾਂ ਵੱਲੋਂ ਜਿੱਤੇ ਗਏ ਜ਼ਿਆਦਾਤਰ ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ।

Scroll to Top