Har Ghar Tiranaga

CM ਨਾਇਬ ਸਿੰਘ ਨੇ ਪੰਚਕੂਲਾ ‘ਚ ਹਰ ਘਰ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਚੰਡੀਗੜ੍ਹ, 12 ਅਗਸਤ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਿਰੰਗਾ ਸਾਡਾ ਮਾਣ, ਸਾਡਾ ਜੀਵਨ ਹੈ ਅਤੇ ਇਸ ਦੇ ਸਨਮਾਨ ਨੂੰ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਲੋਕ ਹਰ ਘਰ ਤਿਰੰਗਾ ਮੁਹਿੰਮ (Har Ghar Tiranaga) ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਘਰਾਂ ਅਤੇ ਅਦਾਰਿਆਂ ’ਤੇ ਤਿਰੰਗਾ ਲਹਿਰਾਉਣ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਵੱਲੋਂ ਦੇਖੇ ਗਏ ਨਵੇਂ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਆਪਣਾ ਬਣਦਾ ਯੋਗਦਾਨ ਪਾਉਣ।

ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਜ਼ਿਲ੍ਹੇ ਦੇ ਕਾਲਕਾ ਵਿਖੇ ਕਰਵਾਏ ਗਏ ਪ੍ਰੋਗਰਾਮ ‘ਚ ਹਾਜ਼ਰ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਤਿਰੰਗਾ ਯਾਤਰਾ (Har Ghar Tiranaga) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੇਸ਼ ਭਗਤੀ ਦੀ ਭਾਵਨਾ ਨਾਲ ਭਰੀ ਇਹ ਯਾਤਰਾ ਕਾਲਕਾ ਮੰਡੀ ਤੋਂ ਸ਼ੁਰੂ ਹੋ ਕੇ ਸ੍ਰੀ ਕਾਲੀ ਮਾਤਾ ਮੰਦਰ ਕਾਲਕਾ ਵਿਖੇ ਸਮਾਪਤ ਹੋਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਲਕਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਦੇਵੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਵੀ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦਿਨ ਉਨ੍ਹਾਂ ਕ੍ਰਾਂਤੀਕਾਰੀਆਂ ਅਤੇ ਬਹਾਦਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਸਾਡੀ ਭਾਰਤ ਮਾਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

Scroll to Top