ਚੰਡੀਗੜ੍ਹ, 14 ਜੁਲਾਈ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ਵਿਖੇ ਪਹੁੰਚ ਕੇ ਸ਼ਹੀਦ ਲਾਂਸ ਨਾਇਕ ਪ੍ਰਦੀਪ ਨੈਨ (Lance Naik Pradeep Nain) ਨੂੰ ਸ਼ਰਧਾਂਜਲੀ ਦਿੱਤੀ ਅਤੇ ਪ੍ਰਦੀਪ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਪ੍ਰਦੀਪ ਨੈਨ (Lance Naik Pradeep Nain) ਇੱਕ ਦਲੇਰ ਅਤੇ ਬਹਾਦਰ ਯੋਧਾ ਸੀ, ਜੋ ਅਤਿ+ਵਾਦੀਆਂ ਵਿਰੁੱਧ ਚਲਾਈ ਗਈ ਮੁਹਿੰਮ ‘ਚ ਦੇਸ਼ ਲਈ ਕੁਰਬਾਨ ਹੋ ਗਿਆ | ਮੈਂ ਅਜਿਹੇ ਮਹਾਨ ਨਾਇਕ ਨੂੰ ਸਲਾਮ ਕਰਦਾ ਹਾਂ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੁਖੀ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ੇ, ਸਰਕਾਰ ਪ੍ਰਦੀਪ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੀ ਨੀਤੀ ਮੁਤਾਬਕ ਸ਼ਹੀਦ ਪ੍ਰਦੀਪ ਨੈਨ ਦੇ ਪਰਿਵਾਰ ਨੂੰ ਛੇਤੀ ਹੀ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ| ਇਸਦੇ ਨਾਲ ਹੀ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਫੌਜ ਦੇ ਨਿਯਮਾਂ ਅਨੁਸਾਰ ਸ਼ਹੀਦ ਦੇ ਪਰਿਵਾਰ ਨੂੰ ਜਿੰਨੀ ਵੀ ਸਹਾਇਤਾ ਜਾਂ ਹੋਰ ਸਹੂਲਤਾਂ ਮਿਲਣੀਆਂ ਹਨ, ਉਹ ਛੇਤੀ ਤੋਂ ਛੇਤੀ ਦਿੱਤੀਆਂ ਜਾਣਗੀਆਂ।
ਜਿਕਰਯੋਗ ਹੈ ਕਿ ਪ੍ਰਦੀਪ ਨੈਨ ਪੈਰਾ ਸਪੈਸ਼ਲ ਫੋਰਸ ‘ਚ ਕਮਾਂਡੋ ਸਨ ਅਤੇ ਉਹ 6 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਕੁਲਗਾਂਵ ‘ਚ ਅਤਿ+ਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਉਹ ਆਪਣੇ ਪਿੱਛੇ ਪਰਿਵਾਰ ‘ਚ ਮਾਤਾ-ਪਿਤਾ, ਘਰਵਾਲੀ ਅਤੇ ਭੈਣ ਛੱਡ ਗਿਆ ਹੈ।